ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ, ‘ਆਪ’ ਨੇ 17 ਉਮੀਦਵਾਰਾਂ ਦੇ ਨਾਂ ਐਲਾਨੇ
- 35 ਵਾਰਡਾਂ ਲਈ 3 ਦਸੰਬਰ ਤੱਕ ਭਰੇ ਜਾਣਗੇ ਨਾਮਜ਼ਦਗੀ ਪੱਤਰ
- ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਅਜੇ ਉਮੀਦਵਾਰਾਂ ਦੀ ਸੂਚੀ ਨਹੀਂ ਕੀਤੀ ਜਾਰੀ
ਚੰਡੀਗੜ੍ਹ: ਨਗਰ ਨਿਗਮ ਚੋਣਾਂ ਲਈ ਅੱਜ 26 ਨਵੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸ਼ਹਿਰ ਦੇ 35 ਵਾਰਡਾਂ ਵਿੱਚ ਚੋਣ ਕਰਵਾਉਣ ਲਈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਧਿਕਾਰੀ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਣਗੇ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਦੋ ਪੜਾਵਾਂ ਵਿੱਚ 17 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੇ ਪਾਸੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਉਡੀਕ ਕੀਤੀ ਜਾ ਰਹੀ ਹੈ।
‘ਆਪ’ ਵੱਲੋਂ ਐਲਾਨੇ ਉਮੀਦਵਾਰ
ਪਾਰਟੀ ਦੀ ਪਹਿਲੀ ਸੂਚੀ ਵਿੱਚ ਵਾਰਡ ਨੰਬਰ 1 ਤੋਂ ਦਿਲਦਾਰ ਸਿੰਘ, 21 ਤੋਂ ਗੁਰਪ੍ਰੀਤ ਕੌਰ ਲੱਡੀ, 22 ਤੋਂ ਅੰਜੂ ਕਤਿਆਲ, 23 ਤੋਂ ਓਂਕਾਰ ਸਿੰਘ ਔਲਖ, 24 ਤੋਂ ਕੁਲਦੀਪ ਕੁਮਾਰ, 25 ਤੋਂ ਰਾਧਿਕਾ ਢੀਂਗਰਾ, 27 ਤੋਂ ਅਜੀਤ ਸਿੰਘ ਜਿੰਦ, 30 ਤੋਂ ਸਤਨਾਮ ਕੌਰ ਅਤੇ 32 ਤੋਂ ਅਰੁਣ ਪ੍ਰਭਾ ਖੁਰਚਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੂਜੀ ਸੂਚੀ ਵਿੱਚ ਵਾਰਡ ਨੰਬਰ 6 ਤੋਂ ਤਲਵਿੰਦਰ ਸਿੰਘ, 8 ਤੋਂ ਸੁਖਵੰਤ ਕੌਰ, 13 ਤੋਂ ਅੰਜੂ ਸੇਠੀ, 14 ਤੋਂ ਰਾਮ ਜੈਸਵਾਲ, 17 ਤੋਂ ਬਿੰਦੂ ਬਾਲਾ ਗਰਗ, 19 ਤੋਂ ਲਲਿਤ ਮੋਹਨ, 26 ਤੋਂ ਸਤਵਿੰਦਰ ਕੌਰ ਅਤੇ 34 ਤੋਂ ਨਰਿੰਦਰ ਭਾਟੀਆ ਨੂੰ ਟਿਕਟ ਦਿੱਤੀ ਗਈ ਹੈ।
23 ਦਸੰਬਰ ਨੂੰ ਵੋਟਿੰਗ, 26 ਨੂੰ ਆਉਣਗੇ ਨਤੀਜੇ
ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ 3 ਦਸੰਬਰ ਹੈ। 4 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ ਉਮੀਦਵਾਰ 7 ਦਸੰਬਰ ਤੱਕ ਆਪਣੇ ਨਾਮ ਵਾਪਸ ਲੈ ਸਕਣਗੇ। ਇਸ ਤੋਂ ਬਾਅਦ 23 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਪੂਰੀ ਚੋਣ ਪ੍ਰਕਿਰਿਆ 31 ਦਸੰਬਰ ਤੱਕ ਮੁਕੰਮਲ ਕਰਨ ਦਾ ਪ੍ਰੋਗਰਾਮ ਹੈ।
9 ਥਾਵਾਂ ’ਤੇ ਜਮ੍ਹਾਂ ਹੋਣਗੇ ਨਾਮਜ਼ਦਗੀ ਪੱਤਰ
ਪ੍ਰਸ਼ਾਸਨ ਵੱਲੋਂ 35 ਵਾਰਡਾਂ ਲਈ 9 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਵਾਰਡਾਂ ਮੁਤਾਬਕ ਨਾਮਜ਼ਦਗੀ ਕੇਂਦਰਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਵਾਰਡ 1 ਤੋਂ 4: ਸੈਕਟਰ-17 ਵਾਧੂ ਟਾਊਨ ਹਾਲ
ਵਾਰਡ 5 ਤੋਂ 8: ਸੈਕਟਰ-9 ਡੀਲਕਸ ਬਿਲਡਿੰਗ
ਵਾਰਡ 9 ਤੋਂ 12: ਸੈਕਟਰ-26 ਸੀਸੀਈਟੀ
ਵਾਰਡ 13 ਤੋਂ 16: ਸੈਕਟਰ-10 ਮਿਊਜ਼ੀਅਮ
ਵਾਰਡ 17 ਤੋਂ 20: ਸੈਕਟਰ-10ਡੀ ਹੋਮ ਸਾਇੰਸ ਕਾਲਜ
ਵਾਰਡ 21 ਤੋਂ 24: ਇੰਡਸਟਰੀਅਲ ਏਰੀਆ ਫੇਜ਼-1, ਐੱਸਡੀਐੱਮ ਈਸਟ ਦਫ਼ਤਰ
ਵਾਰਡ 25 ਤੋਂ 28: ਸੈਕਟਰ-9 ਸਕੱਤਰੇਤ
ਵਾਰਡ 29 ਤੋਂ 32: ਸੈਕਟਰ-32 ਰੀਜਨਲ ਇੰਸਟੀਚਿਊਟ ਆਫ਼ ਇੰਗਲਿਸ਼
ਵਾਰਡ 33 ਤੋਂ 35: ਸੈਕਟਰ-17 ਅਸਟੇਟ ਦਫ਼ਤਰ
ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਦਾ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਹੁਣ ਹੋਰ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ’ਤੇ ਨਜ਼ਰ ਰਹੇਗੀ।