ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੀਆਂ 35 ਮੰਡੀਆਂ ’ਚ ਖ਼ਰੀਦ ਬੰਦ ਕਰਨ ਦੇ ਹੁਕਮ
ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਜਾਰੀ ਹੋਣ ਦੇ ਬਾਵਜੂਦ ਪੰਜਾਬ ਮੰਡੀ ਬੋਰਡ ਨੇ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਪੱਤਰ ਮੁਤਾਬਕ ਇਹ ਹੁਕਮ ਮੰਗਲਵਾਰ ਸ਼ਾਮ 5 ਵਜੇ ਤੋਂ ਲਾਗੂ ਕਰਨ ਲਈ ਕਿਹਾ ਗਿਆ ਹੈ। ਬੋਰਡ ਨੇ ਇਹ ਫ਼ੈਸਲਾ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੀ ਸਿਫ਼ਾਰਸ਼ ਅਤੇ ਪ੍ਰਬੰਧਕੀ ਲੋੜਾਂ ਦੇ ਮੱਦੇਨਜ਼ਰ ਲਿਆ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਕਈ ਮੰਡੀਆਂ ਵਿੱਚ ਅਜੇ ਵੀ ਝੋਨੇ ਦੀ ਆਮਦ ਜਾਰੀ ਹੈ। ਅਜਿਹੇ ਸਮੇਂ ਖ਼ਰੀਦ ਬੰਦ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਮੁਸ਼ਕਲਾਂ ਆਉਣ ਦਾ ਖ਼ਦਸ਼ਾ ਹੈ।
ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ 35 ਮੰਡੀਆਂ ਤੋਂ ਇਲਾਵਾ ਸੂਬੇ ਦੇ ਬਾਕੀ ਸਾਰੇ ਮੁੱਖ ਯਾਰਡ, ਸਬ-ਯਾਰਡ ਅਤੇ ਖ਼ਰੀਦ ਕੇਂਦਰ ਪਹਿਲਾਂ ਵਾਂਗ ਚਾਲੂ ਰਹਿਣਗੇ।
ਇਨ੍ਹਾਂ ਚਾਰ ਜ਼ਿਲ੍ਹਿਆਂ ਦੀਆਂ ਮੰਡੀਆਂ ’ਤੇ ਪਵੇਗਾ ਅਸਰ
ਅੰਮ੍ਰਿਤਸਰ: ਟਾਹਲੀ ਸਾਹਿਬ, ਭੋਏਵਾਲ, ਜਲਾਲ ਉਸਮਾ, ਜਸਰੌਰ, ਰਾਜਾਤਾਲ, ਬਚੀਵਿੰਡ, ਖਲਚੀਆਂ, ਕਾਲੇਕੇ, ਤਰਸਿੱਕਾ, ਗਿੱਲ, ਖਤਰਾਏ ਕਲਾਂ, ਚੱਕ ਸਿਕੰਦਰ, ਚਮਿਆਰੀ, ਸਾਹਬਾਜ਼ਪੁਰ ਛੀਨਾ, ਟਾਂਗਰਾ, ਢੱਡੇ ਅਤੇ ਸਠਿਆਲਾ।
ਕਪੂਰਥਲਾ: ਲੱਖਣਕੇ ਪੱਡੇ, ਪਰਮਜਿੱਤਪੁਰ ਅਤੇ ਭਰੋਆਨਾ।
ਤਰਨ ਤਾਰਨ: ਸ਼ੇਰੋਂ, ਚੱਕ ਕਰੇ ਖਾਂ, ਮੀਆਂਵਿੰਡ, ਖਡੂਰ ਸਾਹਿਬ, ਵਾ ਤਾਰਾ ਸਿੰਘ, ਕਸੇਲ, ਢੋਟੀਆਂ, ਠੱਠੀਆਂ ਮਹੱਨਤਾ, ਰੱਤੋਕੇ ਅਤੇ ਰਾਜੋਕੇ।
ਮੁਹਾਲੀ: ਨਗਲਾ ਰੋਡ (ਜ਼ੀਰਕਪੁਰ), ਧਨੋਨੀ, ਟਿਵਾਣਾ, ਸਨੇਟਾ ਅਤੇ ਅਮਲਾਲਾ।
ਖ਼ਰੀਦ ਬੰਦ ਕਰਨ ਦੇ ਇਸ ਫ਼ੈਸਲੇ ਨਾਲ ਪ੍ਰਭਾਵਿਤ ਮੰਡੀਆਂ ਵਿੱਚ ਫ਼ਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਸਕਦੀ ਹੈ। ਕਿਸਾਨਾਂ ਨੂੰ ਹੁਣ ਆਪਣੀ ਫ਼ਸਲ ਦੀ ਵਿਕਰੀ ਲਈ ਹੋਰ ਚਾਲੂ ਮੰਡੀਆਂ ਦਾ ਰੁਖ਼ ਕਰਨਾ ਪੈ ਸਕਦਾ ਹੈ।