ਪਾਕਿਸਤਾਨ ’ਚ ਐਂਬੂਲੈਂਸ ਅੰਦਰ ਫਟਿਆ ਆਕਸੀਜਨ ਸਿਲੰਡਰ: 10 ਮੌਤਾਂ
ਨਵੀਂ ਦਿੱਲੀ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵੀਰਵਾਰ ਨੂੰ ਇੱਕ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਹ ਹਾਦਸਾ ਥਾਰਪਾਰਕਰ ਜ਼ਿਲ੍ਹੇ ਦੇ ਨਗਰਪਾਰਕਰ ਇਲਾਕੇ ਵਿੱਚ ਵਾਪਰਿਆ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਐਂਬੂਲੈਂਸ ਦਾਨੋ ਧੰਧਲ ਸਥਿਤ ਮੁੱਢਲੇ ਸਿਹਤ ਕੇਂਦਰ ਤੋਂ ਇੱਕ ਔਰਤ ਨੂੰ ਜ਼ਿਲ੍ਹਾ ਹਸਪਤਾਲ ਮਿੱਠੀ ਲੈ ਕੇ ਜਾ ਰਹੀ ਸੀ। ਜਣੇਪੇ ਤੋਂ ਬਾਅਦ ਸਿਹਤ ਸਬੰਧੀ ਪੇਚੀਦਗੀਆਂ ਪੈਦਾ ਹੋਣ ਕਾਰਨ ਉਸ ਨੂੰ ਬਿਹਤਰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਜਾਣਾ ਸੀ।
ਥਾਰਪਾਰਕਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸਐੱਸਪੀ) ਆਰਿਫ ਅਜ਼ੀਜ਼ ਜਾਫਰੀ ਨੇ ਦੱਸਿਆ ਕਿ ਹੁਣ ਤੱਕ 10 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਮੁਤਾਬਕ, ਐਂਬੂਲੈਂਸ ਦਾ ਡਰਾਈਵਰ ਆਕਸੀਜਨ ਸਿਲੰਡਰ ਨੂੰ ਇੱਧਰ-ਉੱਧਰ ਕਰ ਰਿਹਾ ਸੀ, ਜਿਸ ਦੌਰਾਨ ਉਸ ਵਿੱਚ ਧਮਾਕਾ ਹੋ ਗਿਆ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।