ਪਠਾਣਮਾਜਰਾ ਨੂੰ ਪਟਿਆਲਾ ਜੇਲ ਤੋਂ ਬਠਿੰਡਾ ਹਾਈ ਸਕਿਉਰਟੀ ਜੇਲ ਭੇਜਿਆ
ਪੰਜਾਬ ਵਿੱਚ ਚਰਚਿਤ ਮਾਮਲੇ ਨਾਲ ਜੁੜੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਪਟਿਆਲਾ ਜੇਲ ਤੋਂ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਦੀ ਟੀਮ ਉਨ੍ਹਾਂ ਨੂੰ ਦੇਰ ਸ਼ਾਮ ਸਖ਼ਤ ਸੁਰੱਖਿਆ ਵਿੱਚ ਬਠਿੰਡਾ ਜੇਲ ਲੈ ਕੇ ਪਹੁੰਚੀ।
ਬਠਿੰਡਾ ਦੀ ਕੇਂਦਰੀ ਜੇਲ ਸੂਬੇ ਦੀਆਂ ਸਭ ਤੋਂ ਸੁਰੱਖਿਅਤ ਜੇਲਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜਿੱਥੇ ਵੱਡੀ ਗਿਣਤੀ ਵਿੱਚ ਗੈਂਗਸਟਰ ਬੰਦ ਹਨ। ਇੱਥੇ ਸੁਰੱਖਿਆ ਦੇ ਕੜੇ ਇੰਤਜ਼ਾਮ ਹਨ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਜੇਲ ਚਲਾਈ ਜਾਂਦੀ ਹੈ।
ਜਾਣਕਾਰੀ ਮੁਤਾਬਕ, ਪਠਾਣ ਮਾਜਰਾ ਨੂੰ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਟਿਆਲਾ ਦੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ।
ਬਠਿੰਡਾ ਦੀ ਇਸ ਹਾਈ ਸਕਿਉਰਟੀ ਜੇਲ ਵਿੱਚ ਏ, ਬੀ ਅਤੇ ਸੀ ਕੈਟਾਗਰੀ ਦੇ ਖ਼ਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿਸ ਕਾਰਨ ਇਸਨੂੰ ਹੋਰ ਜੇਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਸੁਰੱਖਿਆ ਕਾਰਨਾਂ ਕਰਕੇ ਹੀ ਪਠਾਣ ਮਾਜਰਾ ਨੂੰ ਇੱਥੇ ਤਬਦੀਲ ਕੀਤਾ ਗਿਆ ਹੈ।