ਮਜੀਠਾ ਵਿੱਚ ਪਟਵਾਰੀਆਂ ਦਾ SDM ਖ਼ਿਲਾਫ਼ ਰੋਸ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ
ਮਜੀਠਾ, 23 ਅਕਤੂਬਰ : ਮਜੀਠਾ ਤਹਿਸੀਲ ਦਫ਼ਤਰ ਵਿੱਚ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਜਦੋਂ ‘ਦੀ ਰੈਵਨਿਊ ਪਟਵਾਰ ਯੂਨੀਅਨ’ ਦੇ ਬੈਨਰ ਹੇਠ ਪਟਵਾਰੀਆਂ ਨੇ ਐੱਸਡੀਐੱਮ ਮਜੀਠਾ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਰੋਸ ਧਰਨਾ ਦਿੱਤਾ। ਤਹਿਸੀਲ ਪ੍ਰਧਾਨ ਮਨਬੀਰ ਸਿੰਘ ਅਤੇ ਰੈਵਨਿਊ ਪਟਵਾਰ ਯੂਨੀਅਨ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਚਾਨਣ ਸਿੰਘ ਖੈਰਾ ਦੀ ਅਗਵਾਈ ਹੇਠ ਇਕੱਠੇ ਹੋਏ ਪਟਵਾਰੀਆਂ ਨੇ ਐੱਸਡੀਐੱਮ ’ਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ, ਕਥਿਤ ਤੌਰ ’ਤੇ ਅਭੱਦਰ ਭਾਸ਼ਾ ਵਰਤਣ ਅਤੇ ਪ੍ਰਸ਼ਾਸਨਿਕ ਖਾਮੀਆਂ ਦਾ ਦੋਸ਼ ਪਟਵਾਰੀਆਂ ਸਿਰ ਮੜ੍ਹਨ ਦੇ ਗੰਭੀਰ ਦੋਸ਼ ਲਗਾਏ।
ਤਹਿਸੀਲ ਪ੍ਰਧਾਨ ਮਨਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਗਿਰਦਾਵਰੀ ਅਤੇ ਪਰਾਲੀ ਪ੍ਰਬੰਧਨ ਦਾ ਸੀਜ਼ਨ ਚੱਲ ਰਿਹਾ ਹੈ। ਇਸ ਕਾਰਨ ਪਟਵਾਰੀ ਆਪੋ-ਆਪਣੇ ਹਲਕਿਆਂ ਵਿੱਚ ਗਿਰਦਾਵਰੀ ਅਤੇ ਨਿਸ਼ਾਨਦੇਹੀ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ। ਇਸੇ ਦੌਰਾਨ ਐੱਸਡੀਐੱਮ ਮਜੀਠਾ ਵੱਲੋਂ ਅਚਾਨਕ ਐਮਰਜੈਂਸੀ ਮੀਟਿੰਗ ਸੱਦ ਲਈ ਗਈ। ਉਨ੍ਹਾਂ ਅਨੁਸਾਰ, ਜਦੋਂ ਪਟਵਾਰੀ ਮੀਟਿੰਗ ਵਿੱਚ ਪਹੁੰਚੇ ਤਾਂ ਉਨ੍ਹਾਂ ਦੇ ਬੈਠਣ ਲਈ ਢੁੱਕਵੇਂ ਪ੍ਰਬੰਧ ਨਹੀਂ ਸਨ ਅਤੇ ਉਨ੍ਹਾਂ ਨੂੰ ਖੜ੍ਹੇ ਰਹਿਣ ਲਈ ਕਿਹਾ ਗਿਆ। ਪਟਵਾਰੀਆਂ ਨੇ ਦੋਸ਼ ਲਗਾਇਆ ਕਿ ਮੀਟਿੰਗ ਦੌਰਾਨ ਮਹਿਲਾ ਮੁਲਾਜ਼ਮਾਂ ਪ੍ਰਤੀ ਵੀ ਕਥਿਤ ਤੌਰ ’ਤੇ ਅਣਉਚਿਤ ਅਤੇ ਅਭੱਦਰ ਸ਼ਬਦਾਵਲੀ ਵਰਤੀ ਗਈ।
ਯੂਨੀਅਨ ਦੇ ਸੀਨੀਅਰ ਆਗੂ ਚਾਨਣ ਸਿੰਘ ਖੈਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਡੀਐੱਮ 15 ਦਿਨਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਦਫ਼ਤਰ ਆਏ ਅਤੇ ਆਉਂਦਿਆਂ ਹੀ ਮੁਲਾਜ਼ਮਾਂ ’ਤੇ ਬੇਵਜ੍ਹਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ ਮੌਕੇ ’ਤੇ ਜੁਰਮਾਨਾ ਵਸੂਲ ਨਹੀਂ ਹੁੰਦਾ ਤਾਂ ਪਟਵਾਰੀਆਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਸ਼ਾਮ ਤੱਕ ਆਪਣੀ ਜੇਬ ਵਿੱਚੋਂ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਚਾਨਣ ਸਿੰਘ ਖੈਰਾ ਨੇ ਸਵਾਲ ਉਠਾਇਆ ਕਿ ਪਟਵਾਰੀਆਂ ਦੀ ਜ਼ਿੰਮੇਵਾਰੀ ਗਿਰਦਾਵਰੀ ਕਰਨਾ, ਖਸਰਾ ਨੰਬਰ ਦਰਜ ਕਰਨਾ ਅਤੇ ਆਪਣੀ ਰਿਪੋਰਟ ਪੇਸ਼ ਕਰਨਾ ਹੈ। ਉਨ੍ਹਾਂ ਅਨੁਸਾਰ ਜੁਰਮਾਨਾ ਵਸੂਲਣ ਅਤੇ ਦੰਡਾਤਮਕ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਤੇ ਵਿਭਾਗਾਂ ਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸੁਰੱਖਿਆ ਪ੍ਰਬੰਧਾਂ ਅਤੇ ਲੋੜੀਂਦੇ ਅਧਿਕਾਰਾਂ ਤੋਂ ਪਟਵਾਰੀ ਕਿਸਾਨਾਂ ਨਾਲ ਸਿੱਧਾ ਟਕਰਾਅ ਕਿਵੇਂ ਕਰ ਸਕਦੇ ਹਨ?
ਸਰਟੀਫਿਕੇਟਾਂ ਦੇ ਲੰਬਿਤ ਮਾਮਲਿਆਂ ਲਈ ਪ੍ਰਸ਼ਾਸਨ ਨੂੰ ਠਹਿਰਾਇਆ ਜ਼ਿੰਮੇਵਾਰ
ਵੱਖ-ਵੱਖ ਸਰਕਾਰੀ ਸਰਟੀਫਿਕੇਟਾਂ, ਜਿਵੇਂ ਜਾਤੀ ਅਤੇ ਰਿਹਾਇਸ਼ੀ ਸਰਟੀਫਿਕੇਟਾਂ ਦੇ ਲੰਬਿਤ ਮਾਮਲਿਆਂ ਬਾਰੇ ਗੱਲ ਕਰਦਿਆਂ ਚਾਨਣ ਸਿੰਘ ਖੈਰਾ ਨੇ ਕਿਹਾ ਕਿ ਕਲਰਕ ਪੱਧਰ ’ਤੇ ਫਾਈਲਾਂ ਤਿੰਨ-ਤਿੰਨ ਮਹੀਨਿਆਂ ਤੱਕ ਲੰਬਿਤ ਰਹਿੰਦੀਆਂ ਹਨ। ਇਸ ਤੋਂ ਬਾਅਦ ਹਜ਼ਾਰਾਂ ਸਰਟੀਫਿਕੇਟ ਇਕੱਠੇ ਹੀ ਆਨਲਾਈਨ ਪੋਰਟਲ ਰਾਹੀਂ ਪਟਵਾਰੀਆਂ ਦੀਆਂ ਆਈਡੀਜ਼ ’ਤੇ ਭੇਜ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਰਵਰ ਦੀ ਖ਼ਰਾਬੀ ਅਤੇ ਨੈੱਟਵਰਕ ਦੀ ਹੌਲੀ ਰਫ਼ਤਾਰ ਕਾਰਨ ਵੀ ਕੰਮ ਵਿੱਚ ਦੇਰੀ ਹੁੰਦੀ ਹੈ, ਪਰ ਲੋਕਾਂ ਦੇ ਸਾਹਮਣੇ ਪਟਵਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾਂਦਾ ਹੈ।
ਪਟਵਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਐੱਸਡੀਐੱਮ ਨੇ ਆਪਣੇ ਵਿਵਹਾਰ ਵਿੱਚ ਸੁਧਾਰ ਨਾ ਕੀਤਾ ਅਤੇ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਨਾਜਾਇਜ਼ ਦਬਾਅ ਬਣਾਉਣਾ ਬੰਦ ਨਾ ਕੀਤਾ ਤਾਂ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।