ਜਲੰਧਰ ‘ਚ ਗੈਸ ਕਮੀ ਕਾਰਨ ਲੋਕਾਂ ਦਾ ਪ੍ਰਦਰਸ਼ਨ, 120 ਫੁੱਟੀ ਰੋਡ ਜਾਮ
Punjab News: ਜਲੰਧਰ ਦੇ 120 ਫੁੱਟੀ ਰੋਡ ‘ਤੇ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਸੜਕ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੁਕਿੰਗ ਤੋਂ 14 ਤੋਂ 25 ਦਿਨ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ, ਜਦਕਿ ਬਲੈਕ ਮਾਰਕੀਟ ‘ਚ ਮਹਿੰਗੇ ਰੇਟਾਂ ‘ਤੇ ਗੈਸ ਆਸਾਨੀ ਨਾਲ ਮਿਲ ਰਹੀ ਹੈ।
ਬਸਤੀ ਬਾਬਾ ਖੇਲ ਇਲਾਕੇ ‘ਚ ਗੈਸ ਦੀ ਭਾਰੀ ਕਮੀ ਦੇ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਮਮਤਾ ਦੇਵੀ ਨੇ ਦੱਸਿਆ ਕਿ ਘਰਾਂ ‘ਚ ਚੁੱਲ੍ਹੇ ਨਹੀਂ ਬੱਲ ਰਹੇ, ਜਿਸ ਕਾਰਨ ਬੱਚੇ ਭੁੱਖੇ ਰਹਿਣ ‘ਤੇ ਮਜਬੂਰ ਹਨ।
ਅਮਨ ਗੈਸ ਏਜੰਸੀ ਖ਼ਿਲਾਫ਼ ਗੁੱਸਾ
ਸਥਾਨਕ ਵਸਨੀਕਾਂ ਨੇ ਅਮਨ ਗੈਸ ਏਜੰਸੀ ‘ਤੇ ਗੰਭੀਰ ਦੋਸ਼ ਲਗਾਏ ਹਨ। ਅਮਰੂ ਨਾਮਕ ਵਿਅਕਤੀ ਨੇ ਕਿਹਾ ਕਿ ਮੈਸੇਜ ਆਉਣ ਦੇ ਬਾਵਜੂਦ ਜਦੋਂ ਉਹ ਏਜੰਸੀ ਪਹੁੰਚੇ ਤਾਂ ਦਫ਼ਤਰ ਬੰਦ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਏਜੰਸੀ ਵਾਲੇ ਫੋਨ ਵੀ ਨਹੀਂ ਚੁੱਕ ਰਹੇ।
ਬਲੈਕ ਮਾਰਕੀਟ ‘ਚ ₹3000 ਤੱਕ ਸਿਲੰਡਰ
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਜਿੱਥੇ ਆਮ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ, ਉੱਥੇ ਬਲੈਕ ‘ਚ ₹3000 ਤੱਕ ਸਿਲੰਡਰ ਵੇਚੇ ਜਾ ਰਹੇ ਹਨ, ਜੋ ਦਿਹਾੜੀਦਾਰ ਮਜ਼ਦੂਰਾਂ ਲਈ ਦੇਣਾ ਮੁਸ਼ਕਲ ਹੈ।
ਪੁਲਿਸ ਨੇ ਕਰਵਾਇਆ ਮਾਮਲਾ ਸ਼ਾਂਤ
ਹੰਗਾਮੇ ਦੀ ਸੂਚਨਾ ਮਿਲਦੇ ਹੀ SHO ਜਤਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਸੜਕ ਖਾਲੀ ਕਰਵਾਈ। ਪੁਲਿਸ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਗੈਸ ਸਪਲਾਈ ਮੁੜ ਸ਼ੁਰੂ ਕਰਵਾ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।