ਹੁਣ PF ਕਢਵਾਉਣਾ ਹੋਵੇਗਾ ਹੋਰ ਆਸਾਨ, ਸਿਰਫ 2 ਦਿਨਾਂ ਵਿੱਚ ਮਿਲੇਗਾ ਪੈਸਾ
PF withdrawal: ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ PF ਖਾਤਾਧਾਰਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। EPFO ਦੇ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ (CPFC) ਰਮੇਸ਼ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਹੁਣ ਜ਼ਿਆਦਾਤਰ PF ਕਲੇਮਾਂ ਦਾ ਨਿਪਟਾਰਾ ਉਸੇ ਦਿਨ ਜਾਂ ਵੱਧ ਤੋਂ ਵੱਧ ਦੋ ਦਿਨਾਂ ਦੇ ਅੰਦਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਠਨ ਨੇ ਲਗਭਗ ਸਾਰੇ ਲੰਬਿਤ ਕਲੇਮਾਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਨਵੀਂ ਆਟੋਮੈਟਿਕ ਪ੍ਰਣਾਲੀ ਕਾਰਨ 90 ਫ਼ੀਸਦੀ ਤੱਕ ਦਾਅਵੇ ਆਪਣੇ ਆਪ ਮਨਜ਼ੂਰ ਹੋ ਰਹੇ ਹਨ। ਉਨ੍ਹਾਂ ਦੇ ਮੁਤਾਬਕ, ਹੁਣ PF ਵਿੱਚੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਮਿਊਚੁਅਲ ਫੰਡਾਂ ਨਾਲੋਂ ਵੀ ਆਸਾਨ ਅਤੇ ਤੇਜ਼ ਹੋ ਗਈ ਹੈ।
ਰਮੇਸ਼ ਕ੍ਰਿਸ਼ਨਾਮੂਰਤੀ ਨੇ FICCI ਦੇ ਇੱਕ ਸਮਾਗਮ ਵਿੱਚ ਕਿਹਾ ਕਿ EPFO ਦੇ ਸੁਧਾਰਾਂ ਦਾ ਮਕਸਦ ਮਾਲਕਾਂ ਲਈ ਪਾਲਣਾ (Compliance) ਨੂੰ ਸਰਲ ਬਣਾਉਣਾ ਅਤੇ ਮੈਂਬਰਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ EPFO ਨੂੰ ਕਰਮਚਾਰੀਆਂ ਅਤੇ ਨਿਯੋਗਤਾਵਾਂ ਦੋਵਾਂ ਲਈ ਹੋਰ ਭਰੋਸੇਯੋਗ ਸਮਾਜਿਕ ਸੁਰੱਖਿਆ ਸੰਸਥਾ ਬਣਾਉਣਗੇ।
BHIM-UPI ਰਾਹੀਂ ਮਿਲੇਗੀ PF ਦੀ ਰਕਮ
EPFO ਜਲਦ ਹੀ BHIM ਐਪ ਅਤੇ UPI ਰਾਹੀਂ PF ਕਲੇਮ ਸੈਟਲਮੈਂਟ ਦੀ ਸਹੂਲਤ ਵੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਕਲੇਮ ਦੀ ਰਕਮ ਸਿੱਧੀ ਮੈਂਬਰ ਦੇ UPI-ਲਿੰਕਡ ਬੈਂਕ ਖਾਤੇ ਵਿੱਚ ਜਮ੍ਹਾ ਹੋ ਜਾਵੇਗੀ। ਇਹ ਪ੍ਰਣਾਲੀ ਅਗਲੇ ਇੱਕ ਮਹੀਨੇ ਵਿੱਚ ਲਾਗੂ ਹੋਣ ਦੀ ਉਮੀਦ ਹੈ।
ਗਿਗ ਵਰਕਰਾਂ ਨੂੰ ਵੀ ਮਿਲੇਗੀ ਸਮਾਜਿਕ ਸੁਰੱਖਿਆ
EPFO ਨੇ ਇਹ ਵੀ ਸੰਕੇਤ ਦਿੱਤਾ ਕਿ ਸਰਕਾਰ ਦੇ ਨਵੇਂ ਸਮਾਜਿਕ ਸੁਰੱਖਿਆ ਬਿੱਲ ਤਹਿਤ ਗਿਗ ਅਤੇ ਪਲੇਟਫਾਰਮ ਵਰਕਰਾਂ, ਜਿਵੇਂ ਡਿਲੀਵਰੀ ਬੁਆਏ ਅਤੇ ਹੋਰ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਵੀ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਮਿਲੇਗਾ। ਯੋਜਨਾ ਦਾ ਐਲਾਨ ਹੋਣ ਤੋਂ ਬਾਅਦ ਇਸ ਦੀ ਲਾਗੂ ਕਰਨ ਵਾਲੀ ਏਜੰਸੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਵਿਆਜ ਦਰ ‘ਤੇ ਕੀ ਕਿਹਾ ?
EPFO ਕਮਿਸ਼ਨਰ ਨੇ ਵਿਆਜ ਦਰ ਵਧਾਉਣ ਬਾਰੇ ਕਿਸੇ ਵੀ ਅਟਕਲ ਨੂੰ ਸਮੇਂ ਤੋਂ ਪਹਿਲਾਂ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ 8.25% ਵਿਆਜ ਦਰ ਦੇ ਹਿਸਾਬ ਨਾਲ 3 ਜੁਲਾਈ ਤੱਕ 3.4 ਕਰੋੜ ਤੋਂ ਵੱਧ ਮੈਂਬਰਾਂ ਦੇ ਖਾਤਿਆਂ ਵਿੱਚ ਲਗਭਗ ₹1.44 ਲੱਖ ਕਰੋੜ ਵਿਆਜ ਜਮ੍ਹਾ ਕੀਤਾ ਜਾ ਚੁੱਕਾ ਹੈ, ਜਿਸ ਨੂੰ ਉਨ੍ਹਾਂ EPFO ਦੀ ਵੱਡੀ ਉਪਲਬਧੀ ਕਰਾਰ ਦਿੱਤਾ।
