ਪੰਜਾਬ ਪੁਲਿਸ ਦੀ ਬੱਲੇ-ਬੱਲੇ: 13 ਖਿਡਾਰੀਆਂ ਨੇ ਭਾਰਤ ਦੀ ਝੋਲੀ ‘ਚ ਪਾਏ 32 ਸੋਨੇ, 16 ਚਾਂਦੀ ਤੇ 11 ਕਾਂਸੇ ਸਮੇਤ 59 ਤਗਮੇ
Players of Punjab Police: ਖੇਡ ਸਕੱਤਰ ਪੰਜਾਬ ਪੁਲਿਸ ਨਵਜੋਤ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
World Police Games Birmingham, USA: ਬਰਮਿੰਘਮ, ਯੂ.ਐਸ.ਏ. ਵਿਖੇ 26 ਜੂਨ ਤੋਂ 7 ਜੁਲਾਈ ਤੱਕ ਹੋਈਆਂ ਵਰਲਡ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੇ 13 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਸ਼ਾਨਦਾਨ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਪੁਲਿਸ ਦੀ ਟੀਮ ਲਈ 32 ਸੋਨੇ, 16 ਚਾਂਦੀ ਅਤੇ 11 ਕਾਂਸੇ ਦੇ ਤਗਮੇ ਕੁੱਲ 59 ਮੈਡਲ ਜਿੱਤ ਕੇ ਪੰਜਾਬ ਪੁਲਿਸ ਦਾ ਨਾਮ ਸਮੂਹ ਦੇਸ਼ ਦੀਆਂ ਪੈਰਾਮਿਲਟਰੀ ਫੋਰਸਜ਼/ਸਟੇਟ ਪੁਲਿਸ/ਯੂ.ਟੀ. ਪੁਲਿਸ ਵਿੱਚ ਨਾਮ ਰੌਸ਼ਨ ਕੀਤਾ ਹੈ।
ਇਸ ਸਫਲਤਾ ਲਈ ਪੀ.ਏ.ਪੀ. ਹੈੱਡਕੁਆਟਰ ਪਹੁੰਚਣ ‘ਤੇ ਐਮ.ਐਫ. ਫਾਰੂਕੀ, ਏ.ਡੀ.ਜੀ.ਪੀ., ਸਟੇਟ ਆਰਮਡ ਪੁਲਿਸ ਜਲੰਧਰ ਅਤੇ ਮੁੱਖ ਅਫਸਰ ਖੇਡਾਂ, ਪੰਜਾਬ ਪੁਲਿਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਉਪਲੱਬਧੀ ‘ਤੇ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਜਿਹੇ ਖਿਡਾਰੀਆਂ ‘ਤੇ ਮਾਣ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।
ਖੇਡ ਸਕੱਤਰ ਪੰਜਾਬ ਪੁਲਿਸ ਨਵਜੋਤ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਹੋਰ ਮੈਡਲ ਜਿੱਤਣ ਦਾ ਮੁੱਖ ਅਫਸਰ ਖੇਡਾਂ ਨੂੰ ਭਰੋਸਾ ਦਿਵਾਇਆ।
ਵਧੇਰੇ ਜਾਣਕਾਰੀ ਦਿੰਦਿਆਂ ਮਾਹਲ ਨੇ ਦੱਸਿਆ ਕਿ ਖੇਡਾਂ ਵਾਸਤੇ ਸਰਬ ਭਾਰਤੀ ਪੁਲਿਸ ਸਪੋਰਟਸ ਕੰਟਰੋਲ ਬੋਰਡ ਨਵੀਂ ਦਿੱਲੀ ਵਲੋਂ ਪੰਜਾਬ ਪੁਲਿਸ ਦੇ 7 ਐਥਲੈਟਿਕਸ, 3 ਜੂਡੋ, 1 ਤੀਰ-ਅੰਦਾਜ਼ੀ, 1 ਤੈਰਾਕੀ ਅਤੇ 1 ਆਰਮ ਰੈਸਲਿੰਗ ਸਮੇਤ 13 ਖਿਡਾਰੀ/ਖਿਡਾਰਨਾਂ ਨੇ ਖੇਡਾਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦਾ ਤਿਆਰੀ ਕੈਂਪ ਐਨ.ਆਈ.ਐਸ ਪਟਿਆਲਾ ਵਿਖੇ ਲਗਾਇਆ ਗਿਆ ਸੀ।
ਇਸ ਤੋਂ ਇਲਾਵਾ ਸੈਂਟਰਲ ਸਪੋਰਟਸ, ਪੰਜਾਬ ਪੁਲਿਸ ਦੇ 9 ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ/ਖਿਡਾਰਨਾਂ ਨੇ ਐਥਲੈਟਿਕਸ, ਵਾਟਰ ਸਪੋਰਟਸ, ਕੁਸ਼ਤੀ ਅਤੇ ਜੂਡੋ ਖੇਡ ਵਿੱਚ ਭਾਗ ਲੈ ਕੇ 10 ਸੋਨਾ, 2 ਚਾਂਦੀ ਅਤੇ 9 ਕਾਂਸੇ ਦੇ ਮੈਡਲਾਂ ਸਮੇਤ ਕੁੱਲ 21 ਤਗਮੇ ਜਿੱਤੇ ਹਨ।