Raid in drug de-addiction center: ਧੂਰੀ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ‘ਤੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ ਉੱਥੋਂ 18 ਮਰੀਜ਼ਾਂ ਨੂੰ ਰਾਹਤ ਦਿੰਦਿਆਂ ਕੇਂਦਰ ਨੂੰ ਫੇਰ ਤੋਂ ਸੀਲ ਕਰ ਦਿੱਤਾ ਗਿਆ।
ਰੇਡ “ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ” ਨਾਂ ਦੇ ਕੇਂਦਰ ‘ਤੇ ਕੀਤੀ ਗਈ, ਜੋ ਕਿ 2023 ਵਿੱਚ ਹੀ ਸਿਹਤ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਬਾਵਜੂਦ ਇਸ ਦੇ ਕੇਂਦਰ ਨੂੰ ਬਿਨਾਂ ਲਾਈਸੈਂਸ ਦੇ ਚੁੱਪਚਾਪ ਚਲਾਇਆ ਜਾ ਰਿਹਾ ਸੀ।
ਮਰੀਜ਼ਾਂ ਨਾਲ ਕੁੱਟਮਾਰ ਦੀ ਮਿਲੀ ਸੀ ਸ਼ਿਕਾਇਤ
ਡਿਪਟੀ ਕਮਿਸ਼ਨਰ ਸੰਗਰੂਰ ਕੋਲ ਹਿਊਮਨ ਰਾਈਟਸ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੇਂਦਰ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ, ਡਾਕਟਰਾਂ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਕੇਂਦਰ ‘ਤੇ ਛਾਪਾ ਮਾਰਿਆ।
ਰੇਡ ਦੌਰਾਨ ਉੱਥੋਂ 18 ਮਰੀਜ਼ ਮਿਲੇ, ਜਿਨ੍ਹਾਂ ਵਿੱਚੋਂ 12 ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। 6 ਮਰੀਜ਼ਾਂ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਨੂੰ ਪਿੰਡ ਘਾਬਦਾ ਵਿਖੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ।
ਕੇਂਦਰ ਚਲਾਉਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਡਾਕਟਰ ਇਸ਼ਾਨ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਕਿਹਾ, “ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦਾ ਲਾਇਸੈਂਸ ਜਾਂਚੋ। ਬਿਨਾਂ ਲਾਇਸੈਂਸ ਵਾਲੇ ਕੇਂਦਰਾਂ ਵਿੱਚ ਮਰੀਜ਼ਾਂ ਨਾਲ ਕੁੱਟਮਾਰ, ਤਸ਼ੱਦਦ ਅਤੇ ਗਲਤ ਤਰੀਕਿਆਂ ਨਾਲ ਸਲੂਕ ਕੀਤਾ ਜਾ ਸਕਦਾ ਹੈ।”