ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਰਿਆਣਾ ਤੋਂ ਫੜਿਆ ਗਿਆ ਕਾਲਾ ਰਾਣਾ ਗੈਂਗ ਦਾ ਸ਼ੂਟਰ
Punjab Police: ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਮੋਹਾਲੀ ਘਰ ‘ਤੇ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ।
Pinky Dhaliwal’s House Firing Case: ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨਾਲ ਝਗੜੇ ਤੋਂ ਬਾਅਦ ਖ਼ਬਰਾਂ ਵਿੱਚ ਆਏ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਮੋਹਾਲੀ ਘਰ ‘ਤੇ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਸੀਆਈਏ ਖਰੜ ਨੇ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਲਾ ਰਾਣਾ ਗੈਂਗ ਨਾਲ ਜੁੜੇ ਸ਼ੂਟਰ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
11 ਦਿਨ ਪਹਿਲਾਂ ਕੀਤੇ ਸੀ ਸੱਤ ਰਾਉਂਡ ਫਾਇਰ
11 ਦਿਨ ਪਹਿਲਾਂ ਰਾਤ 10 ਵਜੇ ਦੇ ਕਰੀਬ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਮੋਹਾਲੀ ਸੈਕਟਰ-71 ਸਥਿਤ ਘਰ ਦੇ ਬਾਹਰ ਛੇ ਤੋਂ ਸੱਤ ਰਾਉਂਡ ਹਵਾਈ ਫਾਇਰਿੰਗ ਹੋਈ ਸੀ। ਫਾਇਰਿੰਗ ਕਰਨ ਵਾਲੇ ਲੋਕ ਬਾਈਕ ‘ਤੇ ਆਏ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਇਲਾਕੇ ਵਿੱਚ ਪੁਲਿਸ ਵੱਲੋਂ ਲਗਾਏ ਗਏ ਕੈਮਰਿਆਂ ਦੀ ਰਿਕਾਰਡਿੰਗ ਤੋਂ ਇੱਕ ਬਾਈਕ ਜਾਂਦੀ ਦਿਖਾਈ ਦਿੱਤੀ। ਜਿਸ ‘ਤੇ ਦੋ ਲੋਕ ਸਵਾਰ ਸੀ। ਬਾਈਕ ‘ਤੇ ਯੂਪੀ ਨੰਬਰ ਪਲੇਟ ਸੀ। ਪਤਾ ਲੱਗਾ ਹੈ ਕਿ ਇੱਕ ਸੁਰੱਖਿਆ ਗਾਰਡ ਤੋਂ 1200 ਨੰਬਰ ਵੀ ਮੰਗਿਆ ਗਿਆ ਸੀ। ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀ ਜਲਦੀ ਹੀ ਫੜਿਆ ਜਾਵੇਗਾ। ਹਾਲਾਂਕਿ, ਦੋਸ਼ੀ ਲੰਬੇ ਸਮੇਂ ਤੋਂ ਫਰਾਰ ਸਨ।
ਗੋਲੀਬਾਰੀ ਕਰਨ ਤੋਂ ਪਹਿਲਾਂ ਸੁੱਟੀ ਗਈ ਸੀ ਪਰਚੀ
ਜਦੋਂ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਉਸ ਸਮੇਂ ਮੌਸਮ ਖ਼ਰਾਬ ਸੀ। ਹਨੇਰੀ ਅਤੇ ਮੀਂਹ ਪੈ ਰਿਹਾ ਸੀ। ਸੂਤਰਾਂ ਮੁਤਾਬਕ ਗੋਲੀਬਾਰੀ ਕਰਨ ਤੋਂ ਪਹਿਲਾਂ ਹਮਲਾਵਰਾਂ ਨੇ ਧਾਲੀਵਾਲ ਦੇ ਘਰ ਦੇ ਬਾਹਰ ਇੱਕ ਪਰਚੀ ਸੁੱਟੀ, ਜਿਸ ‘ਤੇ ਕਾਲਾ ਰਾਣਾ ਦਾ ਨਾਂਅ ਲਿਖਿਆ ਹੋਇਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਕਾਲਾ ਰਾਣਾ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਦੱਸਿਆ ਜਾਂਦਾ ਹੈ ਤੇ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕਿਸੇ ਮਾਮਲੇ ਵਿੱਚ ਜੇਲ੍ਹ ਕੱਟ ਰਿਹਾ ਹੈ।