ਮੋਹਾਲੀ ’ਚ ਪੁਲਿਸ ਟੀਮ ’ਤੇ ਹਮਲਾ, ਨਸ਼ਾ ਤਸਕਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 2 ਕਾਂਸਟੇਬਲ ਜ਼ਖ਼ਮੀ
Mohali Drug Smugglers Police Attack; ਮੋਹਾਲੀ ’ਚ ਸ਼ਨੀਵਾਰ ਨੂੰ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ’ਤੇ ਜਾਨਲੇਵਾ ਹਮਲਾ ਹੋ ਗਿਆ। CIA ਸਟਾਫ ਦੀ ਟੀਮ ਜਦੋਂ ਗੁਪਤ ਸੂਚਨਾ ਦੇ ਆਧਾਰ ’ਤੇ ਸਨੇਟਾ ਪਿੰਡ ਨੇੜੇ ਛਾਪੇਮਾਰੀ ਕਰਨ ਪਹੁੰਚੀ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ’ਚ 2 ਕਾਂਸਟੇਬਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਕਾਂਸਟੇਬਲ ਪਰਮਜੀਤ ਸਿੰਘ ਅਤੇ ਕਾਂਸਟੇਬਲ ਜਗਜੀਤ ਸਿੰਘ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਚਿੱਟੇ ਦੀ ਵੱਡੀ ਖੇਪ ਦੀ ਮਿਲੀ ਸੀ ਜਾਣਕਾਰੀ
ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 4 ਵਜੇ CIA ਸਟਾਫ ਨੂੰ ਸੂਚਨਾ ਮਿਲੀ ਸੀ ਕਿ ਸਨੇਟਾ ਪਿੰਡ ਨੇੜੇ ਹੈਰੋਇਨ (ਚਿੱਟੇ) ਦੀ ਵੱਡੀ ਖੇਪ ਦੀ ਡਿਲਿਵਰੀ ਹੋਣ ਵਾਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਨਾਕਾਬੰਦੀ ਕਰ ਦਿੱਤੀ।
ਜਦੋਂ ਪੁਲਿਸ ਨੇ ਸ਼ੱਕੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ।
ਪੁਲਿਸ ’ਤੇ ਚਲਾਈਆਂ ਤਾਬੜਤੋੜ ਗੋਲੀਆਂ
ਕੁਝ ਹੀ ਪਲਾਂ ’ਚ ਮੌਕੇ ਦਾ ਮਾਹੌਲ ਬਦਲ ਗਿਆ। ਮੁਲਜ਼ਮਾਂ ਨੇ ਪੁਲਿਸ ਟੀਮ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ।
ਹਮਲੇ ਦੌਰਾਨ ਕਾਂਸਟੇਬਲ ਪਰਮਜੀਤ ਸਿੰਘ ਦੇ ਪੈਰ ’ਚ ਗੋਲੀ ਲੱਗੀ, ਜਦਕਿ ਕਾਂਸਟੇਬਲ ਜਗਜੀਤ ਸਿੰਘ ’ਤੇ ਤਲਵਾਰ ਨਾਲ ਹਮਲਾ ਕੀਤਾ ਗਿਆ।
ਹਮਲੇ ਤੋਂ ਬਾਅਦ ਪੁਲਿਸ ਨੇ ਇਲਾਕਾ ਕੀਤਾ ਸੀਲ
ਵਾਰਦਾਤ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ।
ਪੂਰੇ ਇਲਾਕੇ ’ਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
