ਦਰਦਨਾਕ ਹਾਦਸਾ; ਟਿੱਪਰ ਦੀ ਲਪੇਟ ’ਚ ਆ ਕੇ ਪੋਸਟ ਆਫਿਸ ਮੁਲਾਜ਼ਮ ਦੀ ਮੌਤ
Post office employee dies in Accident: ਗੁਰਦਾਸਪੁਰ: ਦੀਨਾਨਗਰ ਥਾਣੇ ਅਧੀਨ ਬਹਿਰਾਮਪੁਰ ਰੋਡ ’ਤੇ ਆਹਲੂਵਾਲ ਚੌਂਕ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਹੱਲਾ ਚਹਿਆ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਰਾਹੁਲ ਕੁਮਾਰ ਦੀ ਕੁਝ ਮਹੀਨੇ ਪਹਿਲਾਂ ਬਮਿਆਲ ਪੋਸਟ ਆਫਿਸ ਵਿੱਚ ਨੌਕਰੀ ਲੱਗੀ ਸੀ। ਉਹ ਅੱਜ ਸਵੇਰੇ ਆਪਣੇ ਘਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਲਈ ਬਮਿਆਲ ਜਾ ਰਿਹਾ ਸੀ। ਜਦੋਂ ਉਹ ਬਹਿਰਾਮਪੁਰ ਰੋਡ ’ਤੇ ਆਹਲੂਵਾਲ ਚੌਂਕ ਨੇੜੇ ਪਹੁੰਚਿਆ ਤਾਂ ਦੀਨਾਨਗਰ ਵੱਲੋਂ ਆ ਰਹੇ ਰੇਤ ਨਾਲ ਭਰੇ ਟਿੱਪਰ ਦੀ ਲਪੇਟ ਵਿੱਚ ਆ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਰਾਹੁਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਦੀਨਾਨਗਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
