ਪਹਿਲਗਾਮ ‘ਚ ਹੋਈ ਅੱਤਵਾਦੀ ਘਟਨਾ ਕਾਰਨ ਅੰਬਾਲਾ ਜ਼ਿਲ੍ਹੇ ਦੇ ਲੋਕਾਂ ਦਾ ਗੁੱਸਾ ਅਜੇ ਵੀ ਘੱਟ ਨਹੀਂ ਹੋਇਆ ਹੈ। ਸਿਰਫ਼ ਹਿੰਦੂ ਹੀ ਨਹੀਂ ਸਗੋਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਖੁੱਲ੍ਹ ਕੇ ਸਾਹਮਣੇ ਆਏ ਅਤੇ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਅੰਬਾਲਾ ਦੇ ਸਾਹਾ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਇੱਕ ਚਿਕਨ ਬਿਰਿਆਨੀ ਦੀ ਦੁਕਾਨ ਦੇ ਸਾਹਮਣੇ ਖੜੀ ਰੇਹੜੀ ਨੂੰ ਅੱਗ ਲਗਾ ਦਿੱਤੀ।
ਇਸ ਤੋਂ ਇਲਾਵਾ ਇੱਕ ਹੋਰ ਗੱਡੀ ਨੂੰ ਇੱਟਾਂ ਅਤੇ ਪੱਥਰਾਂ ਨਾਲ ਤੋੜ ਦਿੱਤਾ। ਇਸ ਦੌਰਾਨ ਸੈਂਕੜੇ ਲੋਕ ਮੁੱਖ ਚੌਕ ‘ਤੇ ਇਕੱਠੇ ਹੋਏ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲੱਗੇ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਘਟਨਾ ਦੀ ਨਿੰਦਾ ਕੀਤੀ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਸਾਹਾ ਦੇ ਕੁਝ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਅੱਤਵਾਦੀਆਂ ਨੇ ਕੀਤਾ ਸੀ, ਉਨ੍ਹਾਂ ਨੂੰ ਵੀ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਮਾਰ ਦੇਣਾ ਚਾਹੀਦਾ ਹੈ, ਇਹ ਗੱਲਾਂ ਨਾਲ ਮੰਨਣ ਵਾਲੇ ਨਹੀਂ ਹਨ। ਨਾਲ ਹੀ ਪ੍ਰਦਰਸ਼ਨ ਦੌਰਾਨ, ਜਦੋਂ ਪ੍ਰਦਰਸ਼ਨਕਾਰੀਆਂ ਨੇ ਇੱਕ ਵਿਕਰੇਤਾ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਪੁਲਿਸ ਉਸਦੀ ਮਦਦ ਲਈ ਆਈ ਤੇ ਉਸਨੂੰ ਭੀੜ ਤੋਂ ਬਚਾਇਆ।
ਇਸ ਘਟਨਾ ਤੋਂ ਬਾਅਦ, ਪੁਲਿਸ ਸ਼ਿਕਾਇਤ ਦੀ ਉਡੀਕ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਜਾਣ ਤੋਂ ਬਾਅਦ, ਯਮੁਨਾਨਗਰ ਵੱਲ ਜਾ ਰਹੇ ਕੁਝ ਲੋਕ ਮੌਕੇ ‘ਤੇ ਆਏ ਅਤੇ ਉਨ੍ਹਾਂ ਵਲੋਂ ਭੰਨਤੋੜ ਤੇ ਅੱਗਜ਼ਨੀ ਕੀਤੀ ਗਈ।