ਪਰਾਲੀ ਪ੍ਰਬੰਧਨ ‘ਚ ਪੰਜਾਬ-ਹਰਿਆਣਾ ਫੇਲ੍ਹ! CAQM ਨੇ ਜਾਰੀ ਕੀਤਾ ਰਿਪੋਰਟ ਕਾਰਡ
Punjab Air Pollution; ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਅਤੇ ਇਸ ਦੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਲੈ ਕੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਵਿੱਚ ਸਰਕਾਰਾਂ ਵੱਲੋਂ ਤੈਅ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਦਾ ਮੁਲਾਂਕਣ ਕੀਤਾ ਗਿਆ ਹੈ। ਹਾਲਾਂਕਿ, ਇਸ ਰਿਪੋਰਟ ਵਿੱਚ 31 ਅਕਤੂਬਰ ਤੱਕ ਦੇ ਅੰਕੜੇ ਹੀ ਸ਼ਾਮਲ ਕੀਤੇ ਗਏ ਹਨ। ਸਾਲ 2026 ਦਾ ਅੰਤਿਮ ਰਿਪੋਰਟ ਕਾਰਡ ਅਗਲੇ ਸਾਲ ਜਨਵਰੀ ਵਿੱਚ ਜਾਰੀ ਕੀਤਾ ਜਾਵੇਗਾ।
ਕਮਿਸ਼ਨ ਮੁਤਾਬਕ ਸਬੰਧਤ ਸਰਕਾਰਾਂ ਕੋਲ ਹਾਲੇ ਵੀ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦਾ ਸਮਾਂ ਹੈ। ਰਿਪੋਰਟ ਵਿੱਚ ਉਸਾਰੀ ਅਤੇ ਢਾਹੁਣ ਤੋਂ ਨਿਕਲਣ ਵਾਲੇ ਮਲਬੇ ਦੀ ਪ੍ਰੋਸੈਸਿੰਗ, ਹਵਾ ਦੀ ਗੁਣਵੱਤਾ ਮਾਪਣ ਵਾਲੇ ਸਟੇਸ਼ਨਾਂ, ਪਾਰਕਿੰਗ ਸਥਾਨਾਂ ਅਤੇ ਜਨਤਕ ਆਵਾਜਾਈ ਸਮੇਤ ਕਈ ਖੇਤਰਾਂ ਦੇ ਟੀਚਿਆਂ ਦਾ ਮੁਲਾਂਕਣ ਕੀਤਾ ਗਿਆ ਹੈ।
ਪਰਾਲੀ ਪ੍ਰਬੰਧਨ ‘ਚ ਪੰਜਾਬ 53 ਅਤੇ ਹਰਿਆਣਾ 35 ਫ਼ੀਸਦੀ ‘ਤੇ ਸਿਮਟਿਆ
ਰਿਪੋਰਟ ਮੁਤਾਬਕ ਪਰਾਲੀ ਪ੍ਰਬੰਧਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਰਹੀ। ਇਸ ਖੇਤਰ ਵਿੱਚ ਪੰਜਾਬ ਨੇ 53 ਫ਼ੀਸਦੀ ਅਤੇ ਹਰਿਆਣਾ ਨੇ ਸਿਰਫ਼ 35 ਫ਼ੀਸਦੀ ਟੀਚਾ ਹੀ ਹਾਸਲ ਕੀਤਾ ਹੈ।
ਦੂਜੇ ਪਾਸੇ, ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਾਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਪੰਜਾਬ ਨੂੰ ਛੱਡ ਕੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੇ 100 ਫ਼ੀਸਦੀ ਟੀਚਾ ਹਾਸਲ ਕਰ ਲਿਆ ਹੈ। ਇਸ ਸ਼੍ਰੇਣੀ ਵਿੱਚ ਪੰਜਾਬ ਦੀ ਕਾਰਗੁਜ਼ਾਰੀ 88 ਫ਼ੀਸਦੀ ਰਹੀ।
ਹਵਾ ਦੀ ਗੁਣਵੱਤਾ ਮਾਪਣ ਵਾਲੇ ਸਟੇਸ਼ਨ ਲਗਾਉਣ ‘ਚ ਦਿੱਲੀ ਅੱਗੇ, ਹਰਿਆਣਾ ਪਿੱਛੇ
ਹਵਾ ਦੀ ਗੁਣਵੱਤਾ ਮਾਪਣ ਵਾਲੇ ਸਟੇਸ਼ਨਾਂ ਅਤੇ ਪਾਰਕਿੰਗ ਸਥਾਨਾਂ ਦੀ ਸਥਾਪਨਾ ਦੇ ਮਾਮਲੇ ਵਿੱਚ ਦਿੱਲੀ ਨੇ ਆਪਣਾ 19 ਸਟੇਸ਼ਨ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਇਸ ਦੇ ਉਲਟ ਹਰਿਆਣਾ 23 ਸਟੇਸ਼ਨ ਲਗਾਉਣ ਦੇ ਟੀਚੇ ਦੇ ਬਾਵਜੂਦ ਇੱਕ ਵੀ ਸਟੇਸ਼ਨ ਸਥਾਪਤ ਨਹੀਂ ਕਰ ਸਕਿਆ।
ਸਿਟੀ ਬੱਸਾਂ ਦੇ ਟੀਚੇ ‘ਚ ਵੀ ਹਰਿਆਣਾ ਅਤੇ ਰਾਜਸਥਾਨ ਪਿੱਛੇ
ਜਨਤਕ ਆਵਾਜਾਈ ਲਈ ਸਿਟੀ ਬੱਸਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਵੀ ਵੱਖ-ਵੱਖ ਸੂਬਿਆਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਫ਼ਰਕ ਦੇਖਣ ਨੂੰ ਮਿਲਿਆ ਹੈ। ਰਿਪੋਰਟ ਅਨੁਸਾਰ ਦਿੱਲੀ ਨੇ 71 ਫ਼ੀਸਦੀ ਟੀਚਾ ਹਾਸਲ ਕੀਤਾ ਹੈ, ਜਦਕਿ ਉੱਤਰ ਪ੍ਰਦੇਸ਼ 44 ਫ਼ੀਸਦੀ ‘ਤੇ ਰਿਹਾ।
ਇਸੇ ਤਰ੍ਹਾਂ ਹਰਿਆਣਾ ਸਿਰਫ਼ 8 ਫ਼ੀਸਦੀ ਟੀਚਾ ਹੀ ਹਾਸਲ ਕਰ ਸਕਿਆ, ਜਦਕਿ ਰਾਜਸਥਾਨ ਦੀ ਕਾਰਗੁਜ਼ਾਰੀ ਇਸ ਮਾਮਲੇ ਵਿੱਚ ਜ਼ੀਰੋ ਫ਼ੀਸਦੀ ਰਹੀ।
ਕਮਿਸ਼ਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਅਗਲੇ ਸਾਲ ਜਨਵਰੀ ਵਿੱਚ ਜਾਰੀ ਹੋਣ ਵਾਲੀ ਅੰਤਿਮ ਰਿਪੋਰਟ ਤੋਂ ਇਹ ਸਪੱਸ਼ਟ ਹੋਵੇਗਾ ਕਿ ਦਿੱਲੀ ਅਤੇ ਗੁਆਂਢੀ ਸੂਬਿਆਂ ਨੇ ਸਾਲ ਦੇ ਅੰਤ ਤੱਕ ਪ੍ਰਦੂਸ਼ਣ ਕੰਟਰੋਲ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਕਿੰਨੀ ਤਰੱਕੀ ਕੀਤੀ ਹੈ।