‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਵਰਕਰ ਮੀਟਿੰਗਾਂ
Punjab Congress Strong campaign: ਚੰਡੀਗੜ੍ਹ: ਪੰਜਾਬ ਕਾਂਗਰਸ ਦੀ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਅੱਜ (4 ਅਗਸਤ) ਜ਼ਿਲ੍ਹਾ ਪੱਧਰੀ ਵਰਕਰ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਸ ਲੜੀ ਅਧੀਨ ਪਹਿਲਾ ਪ੍ਰੋਗਰਾਮ ਸਵੇਰੇ 10:00 ਵਜੇ ਫਾਜ਼ਿਲਕਾ ਵਿੱਚ ਹੋਵੇਗਾ, ਜਦਕਿ ਦੂਜਾ ਪ੍ਰੋਗਰਾਮ ਫਿਰੋਜ਼ਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਹ ਮੀਟਿੰਗਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦਾ ਉਦੇਸ਼ ਬੂਥ ਪੱਧਰ ‘ਤੇ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ, ਵਰਕਰਾਂ ਨਾਲ ਸਿੱਧਾ ਸੰਵਾਦ ਕਰਨਾ ਅਤੇ ਆਉਣ ਵਾਲੀਆਂ ਚੋਣਾਂ ਲਈ ਸੰਗਠਨਾਤਮਕ ਤਿਆਰੀਆਂ ਨੂੰ ਤੇਜ਼ ਕਰਨਾ ਹੈ। ਬਘੇਲ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਹੇਠ ਸ੍ਰੀ ਫਤਹਿਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਚੁੱਕੀਆਂ ਹਨ। ਪਰ ਇਸ ਦੌਰਾਨ ਹਰ ਥਾਂ ‘ਤੇ ਕਾਂਗਰਸ ਵਿਚਕਾਰ ਧੜੇਬੰਦੀ ਦੇਖਣ ਨੂੰ ਮਿਲੀ ਹੈ, ਚਰਨਜੀਤ ਚੰਨੀ ਦੇ ਸਮਰਥਕ ਹਰ ਥਾਂ ਜਾ ਕੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਦੀ ਅਗਵਾਈ ਦਾ ਵਿਰੋਧ ਕਰ ਚੁੱਕੇ ਹਨ। ਇਥੋਂ ਤੱਕ ਕਿ ਕੱਲ੍ਹ ਤਾਂ ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ‘ਚ ‘ਭੁਪੇਸ਼ ਬਘੇਲ ਗੋ ਬੈਕ’ ਦੇ ਪੋਸਟਰ ਵੀ ਲੱਗ ਗਏ ਸਨ।
