ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਬਹਾਦਰ ਅਫਸਰਾਂ ਨੂੰ ਨਕਦ ਇਨਾਮ, CM ਮਾਨ ਨੇ ਵਧਾਇਆ ਹੌਸਲਾ
Bhagwant Mann Police Honored; ਪੰਜਾਬ ਸਰਕਾਰ ਵੱਲੋਂ ਸੂਬੇ ’ਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਅਤੇ ਨਸ਼ਿਆਂ ਤੇ ਅਪਰਾਧ ਖ਼ਿਲਾਫ਼ ਸ਼ਾਨਦਾਰ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ’ਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਸਮਾਗਮ ਦੌਰਾਨ ਜ਼ਮੀਨੀ ਪੱਧਰ ’ਤੇ ਤਾਇਨਾਤ SHO ਅਤੇ DSP ਪੱਧਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ। ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਨਕਦ ਇਨਾਮ ਦਿੱਤੇ ਗਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸੂਬੇ ਭਰ ਤੋਂ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ, IG, DIG, SP, SSP ਅਤੇ SHO ਦਾ ਸਵਾਗਤ ਕਰਦਿਆਂ ਕੀਤੀ। ਉਨ੍ਹਾਂ ਨੇ ਸਮਾਗਮ ਦੇ ਸਫਲ ਆਯੋਜਨ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ।
CM ਮਾਨ ਨੇ ਕਿਹਾ ਕਿ ਜਦੋਂ ਇਸ ਸਮਾਗਮ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਸੀ ਤਾਂ ਸਿਰਫ਼ ਕਾਗਜ਼ੀ ਅੰਕੜਿਆਂ ਅਤੇ ਰਿਕਵਰੀ ਰਿਪੋਰਟਾਂ ’ਤੇ ਨਿਰਭਰ ਰਹਿਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਸਿੱਧੇ ਸੰਪਰਕ ’ਚ ਰਹਿਣ ਵਾਲੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਹੋਇਆ ਹੈ, ਜਿੱਥੇ DGP, ਮੁੱਖ ਸਕੱਤਰ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸਿੱਧੇ SHO ਅਤੇ DSP ਪੱਧਰ ਦੇ ਅਧਿਕਾਰੀਆਂ ਨਾਲ ਸੰਵਾਦ ਕੀਤਾ।
ਮੁੱਖ ਮੰਤਰੀ ਨੇ ਪੁਲਿਸ ਬਲ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਜੋ ਅਧਿਕਾਰੀ ਇਮਾਨਦਾਰੀ ਅਤੇ ਨਿਡਰਤਾ ਨਾਲ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ, ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਸਮਾਗਮ ਦੌਰਾਨ ਪੰਜਾਬ ਦੇ DGP ਗੌਰਵ ਯਾਦਵ, ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਸਮੇਤ ਕਈ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ।
