ਪੰਜਾਬ ‘ਚ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਸ਼ਹਿਜ਼ਾਦ ਭੱਟੀ ਬ੍ਰਾਜ਼ੀਲ ‘ਚ ਲੁਕਿਆ, ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਕੀਤਾ ਜਾਰੀ
Pak Gangster Shahzad Bhatti Hiding In Brazil; ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਬੇਰੁਜ਼ਗਾਰ ਨੌਜਵਾਨਾਂ ਦੀ ਵਰਤੋਂ ਕਰਨ ਵਾਲਾ ਪਾਕਿਸਤਾਨੀ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ। ਇਹ ਖੁਲਾਸਾ ਪੰਜਾਬ ਨਾਲ ਜੁੜੇ ਅੱਤਵਾਦੀ ਹਮਲਿਆਂ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA) ਦੀ ਜਾਂਚ ਵਿੱਚ ਹੋਇਆ ਹੈ।
ਜਾਂਚ ਮੁਤਾਬਕ ਸ਼ਹਿਜ਼ਾਦ ਭੱਟੀ ਬ੍ਰਾਜ਼ੀਲ ਤੋਂ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਰਦਾ ਹੈ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਆਪਣੇ ਵਟਸਐਪ ਗਰੁੱਪ ਵਿੱਚ ਸ਼ਾਮਲ ਕਰਕੇ ਭਾਰਤ ਵਿੱਚ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਨਿਰਦੇਸ਼ ਦਿੰਦਾ ਹੈ।
ਜਲੰਧਰ ਹੈਂਡ ਗ੍ਰਨੇਡ ਹਮਲੇ ਨਾਲ ਜੁੜਿਆ ਨਾਮ
NIA ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 16 ਮਾਰਚ 2025 ਨੂੰ ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ’ਤੇ ਹੋਏ ਹੈਂਡ ਗ੍ਰਨੇਡ ਹਮਲੇ ਦੇ ਪਿੱਛੇ ਵੀ ਸ਼ਹਿਜ਼ਾਦ ਭੱਟੀ ਦਾ ਹੱਥ ਸੀ।
ਇਹ ਹਮਲਾ ਉਸ ਦੇ ਕਹਿਣ ’ਤੇ ਕਰਵਾਇਆ ਗਿਆ ਸੀ। ਹੁਣ NIA ਦੀ ਅਰਜ਼ੀ ’ਤੇ ਵਿਸ਼ੇਸ਼ ਅਦਾਲਤ ਨੇ ਉਸ ਖ਼ਿਲਾਫ਼ ਓਪਨ-ਡੇਟਡ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਸੋਸ਼ਲ ਮੀਡੀਆ ਰਾਹੀਂ ਬਣਾਇਆ ਸੰਪਰਕ
ਜਾਂਚ ਦੌਰਾਨ ਪਤਾ ਲੱਗਾ ਕਿ ਸ਼ਹਿਜ਼ਾਦ ਭੱਟੀ ਨੇ TikTok, Instagram ਅਤੇ YouTube ਰਾਹੀਂ ਨਵਦੀਪ ਸਿੰਘ ਨਾਲ ਸੰਪਰਕ ਕੀਤਾ ਸੀ।
ਉਹ ਨਵਦੀਪ ’ਤੇ ਦਬਾਅ ਪਾ ਰਿਹਾ ਸੀ ਕਿ ਉਹ ਲਾਈਵ ਸਟ੍ਰੀਮਿੰਗ ਅਤੇ ਆਨਲਾਈਨ ਗਿਫਟਿੰਗ ਰਾਹੀਂ ਪੈਸੇ ਕਮਾਉਣ ਲਈ ਉਸ ਨਾਲ ਕੰਮ ਕਰੇ। ਜਦੋਂ ਨਵਦੀਪ ਨੇ ਇਨਕਾਰ ਕੀਤਾ ਤਾਂ ਉਸ ਦੇ ਘਰ ਦੀ ਬਾਲਕਨੀ ’ਤੇ ਹੈਂਡ ਗ੍ਰਨੇਡ ਹਮਲਾ ਕਰਵਾਇਆ ਗਿਆ, ਜਿਸ ਦੀ ਜ਼ਿੰਮੇਵਾਰੀ ਭੱਟੀ ਨੇ ਖੁਦ ਲਈ ਸੀ।
ਵਟਸਐਪ ਗਰੁੱਪ ਰਾਹੀਂ ਦਿੰਦਾ ਸੀ ਨਿਰਦੇਸ਼
NIA ਮੁਤਾਬਕ ਸ਼ਹਿਜ਼ਾਦ ਭੱਟੀ ਇੱਕ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਵਟਸਐਪ ਗਰੁੱਪ ਚਲਾ ਰਿਹਾ ਸੀ, ਜਿਸ ਵਿੱਚ ਕਈ ਭਾਰਤੀ ਨੰਬਰ ਵੀ ਸ਼ਾਮਲ ਸਨ।
ਇਸੇ ਗਰੁੱਪ ਰਾਹੀਂ ਉਸ ਨੇ ਆਪਣੇ ਸਾਥੀਆਂ, ਜਿਨ੍ਹਾਂ ਵਿੱਚ ਹਾਰਦਿਕ ਕੰਬੋਜ ਅਤੇ ਹੋਰ ਸ਼ਾਮਲ ਹਨ, ਨੂੰ ਮਕਸੂਦਾਂ ਵਿੱਚ ਹੈਂਡ ਗ੍ਰਨੇਡ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਸਨ।
ਬ੍ਰਾਜ਼ੀਲ ਤੋਂ ਭਾਰਤ ਵਿਰੁੱਧ ਗਤੀਵਿਧੀਆਂ
NIA ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪੰਜਾਬ ’ਚ 15 ਮਾਮਲਿਆਂ ਵਿੱਚ ਵਾਂਟੇਡ
ਐਨਆਈਏ ਨੂੰ ਪੰਜਾਬ ਕਾਊਂਟਰ ਇੰਟੈਲੀਜੈਂਸ ਦੀ ਰਿਪੋਰਟ ਵੀ ਮਿਲੀ ਹੈ, ਜਿਸ ਅਨੁਸਾਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 15 ਅਪਰਾਧਿਕ ਮਾਮਲੇ ਦਰਜ ਹਨ।
ਇਹ ਮਾਮਲੇ ਅੱਤਵਾਦੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ, ਸਾਜ਼ਿਸ਼ ਰਚਣ, ਮਦਦ ਕਰਨ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਨਾਲ ਸਬੰਧਿਤ ਹਨ।
ਰਿਪੋਰਟ ਅਨੁਸਾਰ ਸ਼ਹਿਜ਼ਾਦ ਭੱਟੀ ਇੱਕ ਪਾਕਿਸਤਾਨੀ ਨਾਗਰਿਕ ਹੈ ਅਤੇ ਖੁਫੀਆ ਜਾਣਕਾਰੀ ਮੁਤਾਬਕ ਉਹ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ।
