Punjab News: ਮੀਂਹ ਕਾਰਨ ਢਹਿ ਗਏ ਘਰ ਦੀ ਮਦਦ ਲਈ ਆਮ ਆਦਮੀ ਪਾਰਟੀ ਆਈ ਅੱਗੇ, ਪੀੜਤ ਪਰਿਵਾਰ ਨੂੰ ਮਿਲੀ ਆਰਥਿਕ ਸਹਾਇਤਾ
ਮਾਨੂਪੁਰ ‘ਚ ਭਾਰੀ ਮੀਂਹ ਦੀ ਮਾਰ, ਤਬਾਹ ਪਰਿਵਾਰ ਲਈ ਆਮ ਆਦਮੀ ਪਾਰਟੀ ਬਣੀ ਮਦਦਗਾਰ
Punjab News: ਪਿਛਲੇ ਮਹੀਨੇ ਹੋਈ ਭਾਰੀ ਮੀਂਹ ਦੀ ਵਜ੍ਹਾ ਨਾਲ ਸਮਰਾਲਾ ਹਲਕੇ ਦੇ ਪਿੰਡ ਮਾਨੂਪੁਰ ਵਿੱਚ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ। ਘਟਨਾ ਦੌਰਾਨ ਘਰ ਦੀ ਛੱਤ ਢਹਿ ਜਾਣ ਕਾਰਨ ਲਖਬੀਰ ਸਿੰਘ ਦੀ ਪਤਨੀ, ਜੋ ਤਿੰਨ ਛੋਟੇ ਬੱਚਿਆਂ ਨਾਲ ਘਰ ਵਿੱਚ ਸੂਤੀ ਹੋਈ ਸੀ, ਮਲਬੇ ਹੇਠ ਆ ਕੇ ਆਪਣੀ ਜਾਨ ਗੁਆ ਬੈਠੀ। ਇਸ ਮਾਣਵੀ ਸੰਕਟ ‘ਚ ਘਿਰੇ ਪਰਿਵਾਰ ਦੀ ਮਦਦ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਨੇ ਪਿੰਡ ਦਾ ਦੌਰਾ ਕੀਤਾ।
ਮਿੰਟੂ ਗਰੇਵਾਲ ਦੇ ਨਾਲ ਪਾਰਟੀ ਦੇ ਲੀਗਲ ਸੈਲ ਤੇ ਜਨਰਲ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵੱਲੋਂ ਪਰਿਵਾਰ ਨੂੰ ਤੁਰੰਤ ਰਾਹਤ ਦੇ ਤੌਰ ‘ਤੇ 31 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਹੋਰ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਮਾੜੀਆਂ ਹਾਲਤਾਂ ‘ਚ ਫਸੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ।
ਮਿੰਟੂ ਗਰੇਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਨਾ ਸਿਰਫ ਆਰਥਿਕ ਮਦਦ ਜਾਰੀ ਰਹੇਗੀ, ਸਗੋਂ ਸਰਕਾਰੀ ਪੱਧਰ ‘ਤੇ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਰਿਵਾਰ ਲਈ ਪੱਕਾ ਘਰ ਬਣਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਨੀਤਕ ਫੋਟੋਸ਼ੂਟ ਅਤੇ ਫਲੈਕਸਾਂ ਦੀ ਬਜਾਏ, ਅਜਿਹੀਆਂ ਵਾਜਬ ਜ਼ਰੂਰਤਾਂ ‘ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜਾਨ ਗੁਆਉਣ ਵਾਲਿਆਂ ਨੂੰ ਮੁੜ ਵਾਪਸ ਨਹੀਂ ਲਿਆਂਦਾ ਜਾ ਸਕਦਾ।
ਪਰਿਵਾਰ ਦੇ ਮੁਖੀ ਲਖਬੀਰ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਹਰ ਕੋਈ ਆਪਣੀ ਦੁਨੀਆਂ ਵਿੱਚ ਵਿਅਸਤ ਹੈ, ਅਜਿਹੀ ਸਹਾਇਤਾ ਉਨ੍ਹਾਂ ਲਈ ਬਹੁਤ ਵੱਡੀ ਰਹਤ ਹੈ।