Jalandhar Accident: ਜਾਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਉੱਤੇ ਖੜੇ ਇੱਕ ਖਰਾਬ ਟਰੱਕ ਕਾਰਨ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਕੈਂਟਰ ਦੀ ਟੱਕਰ ਤੋਂ ਸ਼ੁਰੂ ਹੋਇਆ ਹਾਦਸਾ
ਪਹਿਲਾਂ ਖੜੇ ਟਰੱਕ ਦੇ ਪਿੱਛੇ ਇੱਕ ਕੈਂਟਰ ਵਾਹਨ ਜਾ ਟਕਰਾਇਆ। ਕੈਂਟਰ ਦੇ ਡਰਾਈਵਰ ਨੂੰ ਵਾਹਨ ਵਿੱਚੋਂ ਕੱਢਣ ਲਈ ਰੈਸਕਿਊ ਟੀਮ ਨੂੰ ਕਾਫੀ ਮਿਹਨਤ ਕਰਨੀ ਪਈ। ਕ੍ਰੇਨ ਦੀ ਮਦਦ ਨਾਲ ਵਾਹਨ ਨੂੰ ਖਿੱਚ ਕੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।
ਪਿੱਛੇ ਆਉਂਦੀਆਂ ਦੋ ਕਾਰਾਂ ਵੀ ਹੋਈਆਂ ਸ਼ਿਕਾਰ
ਕੈਂਟਰ ਦੀ ਟੱਕਰ ਦੇ ਤੁਰੰਤ ਬਾਅਦ ਪਿੱਛੇ ਆ ਰਹੀਆਂ ਦੋ ਕਾਰਾਂ ਵੀ ਕਾਬੂ ਤੋਂ ਬਾਹਰ ਹੋ ਕੇ ਆਪਸ ਵਿੱਚ ਟਕਰਾ ਗਈਆਂ। ਇਸ ਕਾਰਨ ਦੋਹਾਂ ਪਾਸਿਆਂ ‘ਤੇ ਟਰੈਫਿਕ ਜਾਮ ਲੱਗ ਗਿਆ। ਰਾਹਗੀਰਾਂ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਤੇ ਰੈਸਕਿਊ ਟੀਮਾਂ ਦੀ ਤੁਰੰਤ ਕਾਰਵਾਈ
ਮੌਕੇ ‘ਤੇ ਪੀ.ਸੀ.ਆਰ. ਵਾਹਨ, ਟ੍ਰੈਫਿਕ ਪੁਲਿਸ ਅਤੇ ਸੜਕ ਸੁਰੱਖਿਆ ਦਲ ਦੇ ਅਧਿਕਾਰੀ ਪਹੁੰਚੇ। ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ। ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਫਲਾਈਓਵਰ ਤੋਂ ਹਟਾ ਕੇ ਟਰੈਫਿਕ ਜਾਮ ਨੂੰ ਖੋਲ੍ਹਿਆ ਗਿਆ।
ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਸਾਰੇ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।