Punjab Weather; ਪੰਜਾਬ ‘ਚ ਇਸ ਹਫ਼ਤੇ ਨਹੀਂ ਮੀਂਹ ਦਾ ਅਲਰਟ, ਜਾਣੋ ਮੌਸਮ ਦਾ ਤਾਜ਼ਾ ਅਪਡੇਟ

Punjab Weather Update: ਪੰਜਾਬ ‘ਚ ਬੀਤੇ 5 ਦਿਨਾਂ ਤੋਂ ਮੌਨਸੂਨ ਬਠਿੰਡਾ-ਫਾਜ਼ਿਲਕਾ ਖੇਤਰ ‘ਚ ਅਟਕਿਆ ਹੋਇਆ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ ਪੂਰੀ ਤਰ੍ਹਾਂ ਵਾਪਸ ਪਰਤ ਜਾਵੇਗਾ। ਉੱਥੇ ਹੀ, ਇਸ ਦੌਰਾਨ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਰਾਤਾਂ ਗਰਮ ਹਨ ਤੇ ਦਿਨ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਮੌਨਸੂਨ ਦੇ ਵਾਪਸ ਪਰਤਣ ‘ਚ ਦੇਰੀ ਕਾਰਨ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ‘ਚ ਰਾਤ ਦੇ ਤਾਪਮਾਨ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਆਮ ਨਾਲੋਂ ਤਕਰੀਬਨ 3 ਡਿਗਰੀ ਵੱਧ ਬਣਿਆ ਹੋਇਆ ਹੈ। ਹਾਲਾਂਕਿ ਦਿਨ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ ਜ਼ਿਆਦਾ ਵਾਧਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਬੀਤੇ ਦਿਨ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦੇਖਿਆ ਗਿਆ, ਜੋ ਕਿ ਆਮ ਦੇ ਕਰੀਬ ਹੈ। ਸਭ ਤੋਂ ਵੱਧ ਤਾਪਮਾਨ 37.1 ਡਿਗਰੀ ਮਾਨਸਾ ‘ਚ ਦਰਜ ਕੀਤਾ ਗਿਆ।
ਇਸ ਹਫ਼ਤੇ ਮੌਸਮ ਰਹੇਗਾ ਖੁਸ਼ਕ
ਇਸ ਹਫ਼ਤੇ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਕਿਸੇ ਵੀ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਦਾ ਬਾਰਿਸ਼ ਦਾ ਅਲਰਟ ਨਹੀਂ ਹੈ। ਸੂਬੇ ‘ਚ ਨਮੀ ‘ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਆਉਣ ਵਾਲੇ ਦਿਨ ਵੀ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ, ਜਿਸ ਨਾਲ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ। ਹਾਲਾਂਕਿ, ਸੰਭਾਵਨਾ ਹੈ ਕਿ ਤਾਪਮਾਨ ‘ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਆਉਣ ਵਾਲੇ ਦਿਨਾਂ ‘ਚ ਵੀ ਇਹ ਆਮ ਦੇ ਕਰੀਬ ਬਣਿਆ ਰਹੇਗਾ।
ਤਾਪਮਾਨ ਦੇ ਵੇਰਵੇ
ਬੀਤੇ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਤਾਪਮਾਨ ਮਾਨਸਾ ‘ਚ 37.1 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ 34.4 ਡਿਗਰੀ, ਲੁਧਿਆਣਾ ‘ਚ 34.2 ਡਿਗਰੀ, ਪਟਿਆਲਾ ‘ਚ 35,4 ਡਿਗਰੀ, ਗੁਰਦਾਸਪੁਰ ‘ਚ 32.7 ਡਿਗਰੀ, ਫਾਜ਼ਿਲਕਾ ‘ਚ 36.2 ਡਿਗਰੀ, ਫਿਰੋਜ਼ਪੁਰ ‘ਚ 35.4 ਡਿਗਰੀ, ਹੁਸ਼ਿਆਰਪੁਰ ‘ਚ 32.5 ਡਿਗਰੀ, ਲੁਧਿਆਣਾ ‘ਚ 36.3 ਡਿਗਰੀ, ਮੁਹਾਲੀ ‘ਚ 33.6 ਡਿਗਰੀ, ਪਠਾਨਕੋਟ ‘ਚ 33.8 ਡਿਗਰੀ, ਰੋਪੜ ‘ਚ 33.1 ਡਿਗਰੀ, ਐਸਬੀਐਸ ਨਗਰ ‘ਚ 32.8 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ 34 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬੀਤੇ ਦਿਨ ਸੂਬੇ ‘ਚ ਕਿਤੇ ਵੀ ਬਾਰਿਸ਼ ਨਹੀਂ ਦਰਜ ਕੀਤੀ ਗਈ।