Canada News: ਲਾਪਰਵਾਹੀ ਨਾਲ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਰਣਜੀਤ ਸਿੰਘ ਦੀ ਵ੍ਹਾਈਟ ਲੈਕਸਸ ਸੇਡਾਨ ਨੂੰ ਜ਼ਬਤ ਕਰ ਲਿਆ, ਤੇ ਉਸਦਾ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ।
Punjabi Drive Car on Footpath in Brampton: ਕੈਨੇਡਾ ਦੇ ਬਰੈਂਪਟਨ ਵਿੱਚ 56 ਸਾਲਾ ਪੰਜਾਬੀ ਮੂਲ ਦੇ ਰਣਜੀਤ ਸਿੰਘ ਨੂੰ ਭਾਰਤੀ ਅੰਦਾਜ਼ ਵਿੱਚ ਭੀੜ ਤੋਂ ਬਚਣ ਲਈ ਫੁੱਟਪਾਥ ‘ਤੇ ਆਪਣੀ ਕਾਰ ਚਲਾਉਣ ਦੀ ਭਾਰੀ ਕੀਮਤ ਚੁਕਾਉਣੀ ਪਈ। ਉਸਦੀ ਲਾਪਰਵਾਹੀ ਨਾਲ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਨਾ ਸਿਰਫ ਉਸਦੀ ਵ੍ਹਾਈਟ ਲੈਕਸਸ ਸੇਡਾਨ ਨੂੰ ਜ਼ਬਤ ਕਰ ਲਿਆ, ਬਲਕਿ ਉਸਦਾ ਡਰਾਈਵਿੰਗ ਲਾਇਸੈਂਸ ਵੀ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਅਤੇ ਹੁਣ ਉਸਦੇ ਖਿਲਾਫ ਮਾਮਲਾ ਵੀ ਚਲਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਵਿੱਚ, ਰਣਜੀਤ ਸਿੰਘ ਨੂੰ ਫੁੱਟਪਾਥ ‘ਤੇ ਕਾਰ ਚਲਾਉਂਦੇ ਹੋਏ ਦੇਖਿਆ ਗਿਆ, ਜਿਸ ਨਾਲ ਪੈਦਲ ਯਾਤਰੀਆਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ। ਇਹ ਘਟਨਾ 11 ਜੂਨ, 2025 ਨੂੰ ਬਰੈਂਪਟਨ ਵਿੱਚ ਬੋਵੇਅਰਡ ਡਰਾਈਵ ਵੈਸਟ ਅਤੇ ਗਿਲਿੰਘਮ ਡਰਾਈਵ ਨੇੜੇ ਵਾਪਰੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੀਲ ਖੇਤਰ ਦੀ ਸੇਫਰ ਰੋਡਜ਼ ਟੀਮ (SRT) ਨੇ ਤੁਰੰਤ ਜਾਂਚ ਸ਼ੁਰੂ ਕੀਤੀ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਦੇਖੋ ਵੀਡੀਓ
ਦੋਸ਼ੀ ਜ਼ਮਾਨਤ ‘ਤੇ ਰਿਹਾਅ
ਜਾਂਚ ਤੋਂ ਬਾਅਦ, ਪੁਲਿਸ ਨੇ ਦੋਸ਼ੀ ਦੀ ਪਛਾਣ ਕੀਤੀ ਅਤੇ ਲਗਭਗ ਡੇਢ ਮਹੀਨੇ ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ। ਰਣਜੀਤ ਬਰੈਂਪਟਨ ਵਿੱਚ ਰਹਿੰਦਾ ਸੀ। ਪੁਲਿਸ ਨੇ ਉਸ ‘ਤੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ, ਗੱਡੀ ਚਲਾਉਂਦੇ ਸਮੇਂ ਸਟੰਟ ਕਰਨ ਅਤੇ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ।
ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕ ‘ਤੇ ਅਜਿਹੇ ਗੈਰ-ਜ਼ਿੰਮੇਵਾਰਾਨਾ ਕੰਮਾਂ ਦੀ ਤੁਰੰਤ ਰਿਪੋਰਟ ਕਰਨ, ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਇਹ ਸੰਦੇਸ਼ ਦਿੱਤਾ ਗਿਆ ਕਿ ਪੁਲਿਸ ਸੜਕ ‘ਤੇ ਗਲਤ ਢੰਗ ਨਾਲ ਗੱਡੀ ਚਲਾਉਣ ਵਾਲਿਆਂ ਨੂੰ ਨਹੀਂ ਬਖਸ਼ੇਗੀ।