ਇਟਲੀ ਵਿੱਚ ਭੇਦਭਰੇ ਹਾਲਾਤਾਂ ‘ਚ ਹੋਈ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
Italy Punjabi Youth Death – ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਦੇ ਰਹਿਣ ਵਾਲੇ 30 ਸਾਲਾ ਸੰਦੀਪ ਸੈਣੀ ਦੀ ਇਟਲੀ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਨੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਸੰਦੀਪ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਅਤੇ ਬਿਹਤਰ ਵਿੱਤੀ ਸਥਿਤੀ ਦੀ ਉਮੀਦ ਵਿੱਚ ਇਟਲੀ ਗਿਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ, ਸੰਦੀਪ ਇਟਲੀ ਵਿੱਚ ਆਪਣੀ ਭੈਣ ਕੋਲ ਰਹਿ ਰਿਹਾ ਸੀ ਅਤੇ ਸਥਾਨਕ ਤੌਰ ‘ਤੇ ਕੰਮ ਕਰ ਰਿਹਾ ਸੀ। 28 ਜੁਲਾਈ ਨੂੰ ਉਸਨੇ ਆਪਣੀ ਭੈਣ ਦੇ ਘਰ ਜਾਣਾ ਸੀ ਪਰ ਕੰਮ ਤੋਂ ਨਿਕਲਣ ਮਗਰੋਂ ਉਹ ਘਰ ਨਹੀਂ ਪਹੁੰਚਿਆ। ਚਿੰਤਾ ਜਤਾਉਂਦੇ ਹੋਏ ਉਸ ਦੀ ਭੈਣ ਅਤੇ ਜੀਜੇ ਨੇ ਥਾਣੇ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਟਲੀ ਦੀ ਪੁਲਿਸ ਵੱਲੋਂ ਭਾਲ ਕੀਤੀ ਗਈ।
3 ਅਗਸਤ ਨੂੰ, ਇੱਕ ਜੰਗਲ ‘ਚੋਂ ਮਿਲੀ ਅਣਪਛਾਤੀ ਲਾਸ਼ ਦੀ ਸੰਦੀਪ ਦੀ ਭੈਣ ਵੱਲੋਂ ਕੀਤੀ ਗਈ ਸ਼ਿਨਾਖਤ ਤੋਂ ਬਾਅਦ ਪੂਸ਼ਟੀ ਹੋਈ ਕਿ ਉਹ ਲਾਸ਼ ਸੰਦੀਪ ਸੈਣੀ ਦੀ ਸੀ। ਸੰਦੀਪ ਦੇ ਤਾਇਆ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਸੰਦੀਪ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਅਤੇ ਉਹ ਬਹੁਤ ਸ਼ਾਂਤ ਸੁਭਾਅ ਦਾ ਨੌਜਵਾਨ ਸੀ।
ਉਹਨਾਂ ਦੱਸਿਆ ਕਿ ਸੰਦੀਪ ਨੇ ਘਰ ਦੇ ਲਈ ਕੁਝ ਪੈਸੇ ਭੇਜੇ ਸਨ ਪਰ ਹਾਲੇ ਤੱਕ ਉਹ ਵੀ ਪੂਰੇ ਨਹੀਂ ਆਏ। ਸੰਦੀਪ ਆਪਣੇ ਪਿੱਛੇ ਵੱਧ ਉਮਰ ਦੇ ਮਾਪਿਆਂ ਨੂੰ ਛੱਡ ਗਿਆ ਹੈ, ਜੋ ਹੁਣ ਉਸਦੇ ਆਖਰੀ ਦਰਸ਼ਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕੋਲੋਂ ਉਸ ਦੀ ਲਾਸ਼ ਮੁਲਕ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ।