ਪੰਜਾਬ ਦੀ ਧੀ ਰੋਜ਼ਦੀਪ ਕੌਰ ਨੇ ਥਾਈਲੈਂਡ ‘ਚ ਜਿੱਤਿਆ ਸਿਲਵਰ ਮੈਡਲ, ਵਧਾਇਆ ਦੇਸ਼ ਦਾ ਮਾਣ
Rozdeep Kaur Won Silver Medal; ਪੰਜਾਬ ਦੀ ਧੀ ਰੋਜ਼ਦੀਪ ਕੌਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਥਾਈਲੈਂਡ ਦੇ ਪਟਾਇਆ ਸ਼ਹਿਰ ਵਿੱਚ ਹੋਈ ਹੀਰੋਜ਼ ਤਾਈਕਵਾਂਡੋ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਰੋਜ਼ਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਫਤਿਹਗੜ੍ਹ ਸਾਹਿਬ ਅਤੇ ਦੇਸ਼ ਦਾ ਮਾਣ ਵਧਾਇਆ।
ਭਾਰਤ ਵਾਪਸੀ ਤੋਂ ਬਾਅਦ ਰੋਜ਼ਦੀਪ ਆਪਣੇ ਪਰਿਵਾਰ, ਕੋਚ ਸਮੇਤ ਸ਼੍ਰੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਈ। ਇੱਥੇ ਉਸ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਆਪਣੀ ਸਫਲਤਾ ਲਈ ਅਰਦਾਸ ਕੀਤੀ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ, ਕਥਾਵਾਚਕ ਭਾਈ ਅਤਰ ਸਿੰਘ ਅਤੇ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਰੋਜ਼ਦੀਪ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਉਨ੍ਹਾਂ ਨੇ ਰੋਜ਼ਦੀਪ ਦੀ ਚੜ੍ਹਦੀਕਲਾ ਅਤੇ ਹੋਰ ਵੱਡੀਆਂ ਕਾਮਯਾਬੀਆਂ ਲਈ ਅਰਦਾਸ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਰੋਜ਼ਦੀਪ ਨੇ ਕਿਹਾ ਕਿ ਇਹ ਸਫਲਤਾ ਉਸ ਦੇ ਪਰਿਵਾਰ, ਕੋਚ ਅਤੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਉਸ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਆਈਪੀਐੱਸ ਅਫਸਰ ਬਣਨਾ ਹੈ। ਇਸ ਦੇ ਨਾਲ-ਨਾਲ ਉਹ ਖੇਡਾਂ ਵਿੱਚ ਵੀ ਦੇਸ਼ ਅਤੇ ਪੰਜਾਬ ਦਾ ਨਾਮ ਹੋਰ ਉੱਚਾ ਕਰਨਾ ਚਾਹੁੰਦੀ ਹੈ।
ਰੋਜ਼ਦੀਪ ਦੇ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਰੋਜ਼ਦੀਪ ਦੀ ਮਿਹਨਤ ਅਤੇ ਸਮਰਪਣ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ, ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸਵਾਰ ਸਕਣ। ਕੋਚ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੁਨਰਮੰਦ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ, ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਭਾਰਤ ਦਾ ਨਾਮ ਹੋਰ ਰੌਸ਼ਨ ਕਰ ਸਕਣ।
