ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਰਣਜੀਤ ਸਾਗਰ ਡੈਮ, ਸਪਿਲਵੇਅ ਗੇਟ ਤੋਂ ਛੱਡਿਆ ਪਾਣੀ
Flash flood Alert; ਇਸ ਵਾਰ ਪੂਰੇ ਖੇਤਰ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 526 ਮੀਟਰ ਤੱਕ ਪਹੁੰਚ ਗਿਆ ਹੈ। ਹੁਣ ਰਣਜੀਤ ਸਾਗਰ ਡੈਮ ਦੀ ਝੀਲ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1 ਮੀਟਰ ਦੂਰ ਹੈ।
ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ। ਇਸ ਝੀਲ ਵਿੱਚ ਵੱਧ ਤੋਂ ਵੱਧ 527.91 ਮੀਟਰ ਤੱਕ ਪਾਣੀ ਦੇ ਪੱਧਰ ਨੂੰ ਸੰਭਾਲਣ ਦੀ ਸਮਰੱਥਾ ਹੈ। ਇਸ ਵੇਲੇ ਸਿਰਫ਼ 1 ਮੀਟਰ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਦੂਰ ਹੈ। ਡੈਮ ਦਾ ਸਪਿਲਵੇਅ ਗੇਟ ਖੋਲ੍ਹਿਆ ਗਿਆ ਹੈ। ਰਵੀ ਦਰਿਆ ਵਿੱਚ 6, 400 ਕਿਊਸਿਕ ਪਾਣੀ ਛੱਡਿਆ ਗਿਆ ਹੈ। ਲੋਕਾਂ ਨੂੰ ਰਵੀ ਦਰਿਆ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਰਾਵੀ ਦਰਿਆ ਵਿਚ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਜਿਸ ਕਾਰਨ ਰਾਵੀ ਦਰਿਆ ਤੋਂ ਪਾਣੀ ਬਾਹਰਲੇ ਪਾਸੇ ਆਉਣਾ ਸ਼ੁਰੂ ਹੋਣ ਕਾਰਨ ਨੇੜਲੇ ਪਿੰਡ ਚੱਕ ਸਹਾਇ ਰਾਮਪੁਰ ਘਰਾਂ ਨੇੜੇ ਪਾਣੀ ਪਹੁੰਚਣ ਕਾਰਨ ਕੁਝ ਘਰਾਂ ਦੇ ਬਾਹਰਲੇ ਪਾਸਿਆਂ ਦੇ ਨਾਲ ਪਾਣੀ ਲੱਗ ਗਿਆ ਹੈ। ਇਸੇ ਤਰ੍ਹਾਂ ਹੀ ਕਿਸ਼ਤੀ ਚਲਾਉਣ ਵਾਲੇ ਮਲਾਹਾਂ ਵੱਲੋਂ ਆਪਣੇ ਰਹਿਣ ਬਸੇਰੇ ਲਈ ਬਣਾਈ ਝੁੱਗੀ ਵਿੱਚ ਵੀ ਪੂਰਾ ਪਾਣੀ ਵੜ ਗਿਆ ਹੈ ਅਤੇ ਰਾਵੀ ਦਰਿਆ ਤੋਂ ਪਰਲੇ ਪਾਸੇ ਵੱਸੇ ਕੁਝ ਲੋਕਾਂ’ ਨਾਲ ਫੋਨ ਰਾਹੀਂ ਕੀਤੀ ਗੱਲਬਾਤ ਦੌਰਾਨ ਕੁਝ ਘਰਾਂ ਅੰਦਰ ਪਾਣੀ ਵੜਨ ਦੀ ਗੱਲ ਸਾਹਮਣੇ ਆਈ ਹੈ। ਇਲਾਕਾ ਵਾਸੀਆਂ ਦੇ ਘਰਾਂ ਦੇ ਆਲੇ ਦੁਆਲੇ ਪਾਣੀ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਉਧਰ ਪਾਣੀ ਦਰਿਆ ਨੇੜੇ ਵਾਲੀਆਂ ਫਸਲਾਂ ਨੂੰ ਵੀ ਕਾਫੀ ਪ੍ਰਭਾਵਿਤ ਕਰ ਰਿਹਾ। ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਵਾਅਦਾ ਕੀਤਾ ਜਾ ਰਿਹਾ ਕਿ ਜੇਕਰ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਨਜਿੱਠਣ ਲਈ ਤਿਆਰ ਬਰ ਤਿਆਰ ਬੈਠਾ ਹੈ।