RBI MPC Meeting Decisions: ਸੰਜੇ ਮਲਹੋਤਰਾ ਦੀ ਪ੍ਰਧਾਨਗੀ ਵਾਲੀ ਪਹਿਲੀ ਮੁਦਰਾ ਨੀਤੀ ਕਮੇਟੀ ਨੇ ਰੈਪੋ ਦਰ ਨੂੰ 0.25 ਫੀਸਦੀ ਘਟਾਉਣ ਦਾ ਐਲਾਨ ਕੀਤਾ ਹੈ।
RBI MPC Meeting Update: ਭਾਰਤੀ ਰਿਜ਼ਰਵ ਬੈਂਕ ਨੇ ਲੋਨ ਲੈਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਦਾ ਐਲਾਨ ਕਰਦਿਆਂ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਕਮੇਟੀ ਨੇ ਰੈਪੋ ਦਰ ਵਿੱਚ ਇੱਕ ਚੌਥਾਈ ਫੀਸਦੀ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।
ਆਰਬੀਆਈ ਦੀ ਰੇਪੋ ਦਰ 6.50 ਫੀਸਦੀ ਤੋਂ ਘਟ ਕੇ 6.25 ਫੀਸਦੀ ਹੋ ਜਾਵੇਗੀ। ਕੇਂਦਰੀ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਬੈਂਕਾਂ ਲਈ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ, ਕਾਰਪੋਰੇਟ ਲੋਨ ਅਤੇ ਪਰਸਨਲ ਲੋਨ ‘ਤੇ ਵਿਆਜ ਦਰਾਂ ਘਟਾਉਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਤੋਂ ਪਹਿਲਾਂ ਮਈ 2020 ‘ਚ ਕੋਰੋਨਾ ਮਹਾਮਾਰੀ ਕਾਰਨ ਦੇਸ਼ ‘ਚ ਲਾਕਡਾਊਨ ਸੀ ਜਦੋਂ ਆਰਬੀਆਈ ਨੇ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਸੀ। ਮਤਲਬ 5 ਸਾਲ ਬਾਅਦ RBI ਨੇ ਵਿਆਜ ਦਰਾਂ ‘ਚ ਕਟੌਤੀ ਕੀਤੀ ਹੈ।
5 ਸਾਲਾਂ ‘ਚ ਪਹਿਲੀ ਵਾਰ ਲੋਨ ਸਸਤਾ
ਦਸੰਬਰ 2024 ਵਿੱਚ ਆਰਬੀਆਈ ਗਵਰਨਰ ਵਜੋਂ ਅਹੁਦਾ ਸੰਭਾਲਣ ਵਾਲੇ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਹੇਠ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤਿੰਨ ਦਿਨਾਂ ਤੱਕ ਚੱਲੀ। ਐਮਪੀਸੀ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਦਾ ਐਲਾਨ ਕਰਦਿਆਂ ਸੰਜੇ ਮਲਹੋਤਰਾ ਨੇ ਰੈਪੋ ਦਰ ਵਿੱਚ 0.25 ਫੀਸਦੀ ਜਾਂ 25 ਆਧਾਰ ਅੰਕਾਂ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਰੈਪੋ ਰੇਟ ਹੁਣ 6.25 ਫੀਸਦੀ ਹੋ ਗਿਆ ਹੈ।
ਆਰਬੀਆਈ ਦੇ ਇਸ ਫੈਸਲੇ ਨਾਲ ਬੈਂਕਾਂ ਲਈ ਕਰਜ਼ਾ ਲੈਣਾ ਸਸਤਾ ਹੋ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਬੈਂਕ ਜਲਦੀ ਹੀ ਇਸ ਦਾ ਲਾਭ ਨਵੇਂ ਲੋਨ ਲੈਣ ਵਾਲਿਆਂ ਅਤੇ ਪੁਰਾਣੇ ਗਾਹਕਾਂ ਦੋਵਾਂ ਨੂੰ ਦੇਣਗੇ। ਆਰਬੀਆਈ ਨੇ ਮਾਰਜਿਨਲ ਸਟੈਂਡਿੰਗ ਫੈਸਿਲਿਟੀ ਵੀ 6.75 ਤੋਂ ਘਟਾ ਕੇ 6.50 ਫੀਸਦੀ ਕਰ ਦਿੱਤੀ ਹੈ। ਇਸ ਨਾਲ ਬੈਂਕਾਂ ਨੂੰ ਲੋੜ ਪੈਣ ‘ਤੇ ਆਰਬੀਆਈ ਤੋਂ ਲੋਨ ਲੈਣ ‘ਚ ਵੀ ਰਾਹਤ ਮਿਲੇਗੀ।
2025-26 ‘ਚGDP growth rate 6.7 ਫੀਸਦੀ ਰਹਿਣ ਦਾ ਅਨੁਮਾਨ
ਆਰਬੀਆਈ ਨੇ ਵਿੱਤੀ ਸਾਲ 2024-25 ਲਈ ਜੀਡੀਪੀ ਵਿਕਾਸ ਦਰ 6.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਜਦੋਂ ਕਿ ਪਹਿਲਾਂ ਇਹ 6.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਆਰਬੀਆਈ ਨੇ ਵਿੱਤੀ ਸਾਲ 2025-26 ਵਿੱਚ 6.7 ਫੀਸਦੀ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। RBI ਗਵਰਨਰ ਨੇ ਕਿਹਾ, ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਜਾਰੀ ਰੱਖੇਗਾ। ਨਾਲ ਹੀ, ਆਰਥਿਕਤਾ ਦੇ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਦਾ ਦੌਰ ਜਾਰੀ ਰਹੇਗਾ। ਸੰਜੇ ਮਲਹੋਤਰਾ ਨੇ ਕਿਹਾ, ਵਿਸ਼ਵ ਅਰਥਵਿਵਸਥਾ ਦੀ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ। ਭਾਰਤੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ ਪਰ ਆਲਮੀ ਸਥਿਤੀ ਨੇ ਭਾਰਤੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਪ੍ਰਚੂਨ ਮਹਿੰਗਾਈ ਦਰ ਰਹੇਗੀ 4.2 ਫੀਸਦੀ
ਵਿੱਤੀ ਸਾਲ 2025-26 ਲਈ 4.2 ਫੀਸਦੀ ਮਹਿੰਗਾਈ ਦਰ ਦਾ ਟੀਚਾ ਰੱਖਿਆ ਗਿਆ ਹੈ। ਆਰਬੀਆਈ ਗਵਰਨਰ ਨੇ ਕਿਹਾ, ਜਦੋਂ ਤੋਂ ਮਹਿੰਗਾਈ ਦਰ ਦਾ ਸਹਿਣਸ਼ੀਲਤਾ ਬੈਂਡ ਤੈਅ ਕੀਤਾ ਗਿਆ ਹੈ, ਔਸਤ ਮਹਿੰਗਾਈ ਦਰ ਟੀਚੇ ਦੇ ਅਨੁਸਾਰ ਰਹੀ ਹੈ। ਪ੍ਰਚੂਨ ਮਹਿੰਗਾਈ ਦਰ ਜ਼ਿਆਦਾਤਰ ਸਮਾਂ ਘੱਟ ਰਹੀ ਹੈ। ਸਿਰਫ਼ ਕੁਝ ਮੌਕਿਆਂ ‘ਤੇ ਹੀ ਰਿਟੇਲ ਮਹਿੰਗਾਈ RBI ਸਹਿਣਸ਼ੀਲਤਾ ਬੈਂਡ ਤੋਂ ਉੱਪਰ ਰਹੀ ਹੈ।