ਪੱਛਮੀ ਬੰਗਾਲ ਦੇ ਆਰਜੀ ਕਰ ਮਾਮਲੇ ‘ਚ ਮੁੜ ਜਾਂਚ ਦਾ ਐਲਾਨ, ਪੁਲਿਸ ਦੀ ਭੂਮਿਕਾ ‘ਤੇ ਉੱਠੇ ਸਵਾਲ
Re-investigation in West Bengal RG kar case: ਕੋਲਕਾਤਾ: ਪੱਛਮੀ ਬੰਗਾਲ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਹੁਣ ਮੁੜ ਜਾਂਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਦੋਸ਼ ਲਗਾਇਆ ਕਿ ਪੁਲਿਸ ਇਸ ਗੰਭੀਰ ਮਾਮਲੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਪੀੜਤਾ ਨੂੰ ਨਿਆਂ ਦਿਵਾਉਣ ਲਈ ਜਾਂਚ ਦੇ ਸਾਰੇ ਪਹਿਲੂਆਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਨੇ ਸਮੇਂ ਸਿਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਹੁੰਦੀ ਤਾਂ ਹਾਲਾਤ ਵੱਖਰੇ ਹੋ ਸਕਦੇ ਸਨ।
ਸਰਕਾਰੀ ਹਸਪਤਾਲਾਂ ਵਿੱਚ ਦੋ ਮਿੰਟ ਦਾ ਮੌਨ
ਆਰਜੀ ਕਰ ਮਾਮਲੇ ਨੂੰ ਦੋ ਸਾਲ ਪੂਰੇ ਹੋਣ ਦੇ ਮੌਕੇ ‘ਤੇ ਐਤਵਾਰ ਨੂੰ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਆਰਜੀ ਕਾਰ ਹਸਪਤਾਲ ਵਿੱਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਵੀ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਨਾਲ ਮੌਨ ਧਾਰਨ ਕੀਤਾ। ਇਸ ਦੌਰਾਨ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਵੱਲੋਂ ਕੋਲਕਾਤਾ ਵਿੱਚ ਗਰੀਬ ਲੋਕਾਂ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ। ਡਾਕਟਰਾਂ ਨੇ ਕਿਹਾ ਕਿ ਇਹ ਕੈਂਪ ਪੀੜਤ ਡਾਕਟਰ ਲਈ ਨਿਆਂ ਦੀ ਮੰਗ ਨੂੰ ਜਾਰੀ ਰੱਖਣ ਦਾ ਇੱਕ ਤਰੀਕਾ ਹੈ।
ਡਾਕਟਰਾਂ ਦੀ ਸੁਰੱਖਿਆ ‘ਤੇ ਵੀ ਜ਼ੋਰ
ਡਿਊਟੀ ਦੌਰਾਨ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਕਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ। ਇਸੇ ਤਹਿਤ ਆਰਜੀ ਕਾਰ ਹਸਪਤਾਲ ਵਿੱਚ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਸੀ।
ਸੰਜੇ ਰਾਏ ਨੂੰ ਉਮਰ ਕੈਦ
ਇਸ ਮਾਮਲੇ ਵਿੱਚ ਸਿਆਲਦਾਹ ਸੈਸ਼ਨ ਕੋਰਟ ਨੇ ਸੰਜੇ ਰਾਏ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਪੀੜਤਾ ਦੇ ਪਰਿਵਾਰ ਅਤੇ ਕੁਝ ਡਾਕਟਰਾਂ ਵੱਲੋਂ ਮਾਮਲੇ ਵਿੱਚ ਹੋਰ ਲੋਕਾਂ ਦੀ ਸੰਭਾਵਿਤ ਸ਼ਮੂਲੀਅਤ ਦੀ ਜਾਂਚ ਦੀ ਮੰਗ ਕੀਤੀ ਜਾਂਦੀ ਰਹੀ ਹੈ। ਸੀਬੀਆਈ ਵੀ ਮਾਮਲੇ ਵਿੱਚ ਕਥਿਤ ਸਾਜ਼ਿਸ਼ ਦੇ ਐਂਗਲ ਦੀ ਜਾਂਚ ਕਰ ਰਹੀ ਹੈ।
