Rain in Sri Muktsar Sahib:ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਭੰਗਚੜੀ ਵਿਖੇ ਇਕ ਆਮ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ। ਇਸ ਘਟਨਾ ‘ਚ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ।
Roof Collapses due to Rain: ਦੋ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੰਗਚੜੀ ਵਿੱਚ ਬੀਤੀ ਰਾਤ ਇਕ ਘਰ ਦੀ ਛੱਤ ਅਚਾਨਕ ਡਿੱਗ ਪਈ। ਜਿਸ ਕਾਰਨ 3 ਸਾਲ ਦੀ ਮਾਸੂਮ ਬੱਚੀ ਜੱਸਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇਸ ਲੜਕੀ ਦਾ ਵੱਡਾ ਭਰਾ ਜਸਨਾਦ ਸਿੰਘ ਜਿਸਦੀ ਉਮਰ ਪੰਜ ਸਾਲ ਹੈ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ।
ਦੱਸ ਦਈਏ ਕਿ ਪੇਪਰ ਮਿੱਲ ਵਿੱਚ ਦਿਹਾੜੀ ਮਜ਼ਦੂਰੀ ਕਰਦੇ ਲੜਕੀ ਦੇ ਪਿਤਾ ਜੱਜ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰਾਂ ਵੱਲੋਂ ਕੱਚੇ ਕੋਠਿਆਂ ਨੂੰ ਪੱਕੇ ਕਰਨ ਵਾਸਤੇ ਦਿੱਤੇ ਹੋਏ ਫੰਡ ਉਨ੍ਹਾਂ ਤੱਕ ਪਹੁੰਚੇ ਹੁੰਦੇ ਤਾਂ ਅੱਜ ਇਸ ਘਰ ਵਿੱਚ ਅਜਿਹਾ ਮੰਦਭਾਗਾ ਹਾਦਸਾ ਨਾ ਵਾਪਰਦਾ।
ਪਿੰਡ ਵਾਸੀ ਓਂਕਾਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਚ ਪੀੜਤ ਪਰਿਵਾਰ ਦੀ ਮਦਦ ਵਾਸਤੇ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਘਰ ਦੀ ਛੱਤ ਕੱਚੀ ਸੀ ਅਤੇ ਬੀਤੇ ਦੋ ਦਿਨ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਅਚਾਨਕ ਇਹ ਛੱਤ ਡਿੱਗ ਪਈ। ਇਸ ਦੌਰਾਨ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦਕਿ ਪੰਜ ਸਾਲ ਦਾ ਉਸਦਾ ਭਰਾ ਜ਼ਖ਼ਮੀ ਹੋ ਗਿਆ।