ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ
Sacrilege of Sri Guru Granth Sahib Ji in Canada: ਸਰੀ: ਕੈਨੇਡਾ ਦੇ ਸਰੀ ਸਥਿਤ 132 ਸਟਰੀਟ ਵਾਲੇ ਗੁਰਦੁਆਰਾ ਸਿੰਘ ਸਭਾ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸੰਗਤ ਦਾ ਦੋਸ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਟੋਰਾਂਟੋ ਭੇਜਣ ਸਮੇਂ ਕਾਰ ਦੀ ਡਿੱਗੀ ਵਿੱਚ ਰੱਖਿਆ ਗਿਆ, ਜਿੱਥੇ ਜੁੱਤੇ-ਚੱਪਲਾਂ ਅਤੇ ਹੋਰ ਸਾਮਾਨ ਵੀ ਪਿਆ ਹੋਇਆ ਸੀ। ਜਾਣਕਾਰੀ ਮੁਤਾਬਕ 21 ਸਤੰਬਰ ਨੂੰ ਪਾਵਨ ਸਰੂਪ ਨੂੰ ਸਰੀ ਤੋਂ ਟੋਰਾਂਟੋ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਮੌਕੇ ’ਤੇ ਪਹੁੰਚੀ ਸੰਗਤ ਨੇ ਇਤਰਾਜ਼ ਜਤਾਇਆ। ਸੰਗਤ ਦਾ ਦਾਅਵਾ ਹੈ ਕਿ ਸਰੂਪ ਨੂੰ ਲਿਜਾਣ ਸਮੇਂ ਲੋੜੀਂਦੀ ਮਰਿਆਦਾ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜ ਪਿਆਰਿਆਂ ਦੀ ਅਗਵਾਈ ਜਾਂ ਚੰਦੋਆ ਸਾਹਿਬ ਦੀ ਵਿਵਸਥਾ ਕੀਤੀ ਗਈ।
ਘਟਨਾ ਦੇ ਵਿਰੋਧ ਵਿੱਚ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੰਗਤ ਨਾਲ ਜੁੜੇ ਸਰਬਤ ਢਿੱਲੋਂ ਨੇ ਦੋਸ਼ ਲਗਾਇਆ ਕਿ ਪਾਵਨ ਸਰੂਪ ਨੂੰ ਮਰਿਆਦਾ ਅਨੁਸਾਰ ਲਿਜਾਣ ਦੀ ਬਜਾਏ ਕਾਰ ਦੀ ਡਿੱਗੀ ਵਿੱਚ ਰੱਖਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜ਼ਿੰਮੇਵਾਰੀ ਤੈਅ ਕਰਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਮਾਮਲੇ ਨੂੰ ਲੈ ਕੇ ਗਿਆਨੀ ਤੇਜਬੀਰ ਸਿੰਘ ਵੱਲੋਂ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਮਰਿਆਦਾ ਅਨੁਸਾਰ ਸੇਵਾ ਨਿਭਾਉਣ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਾ ਹੋਣ ਦੀ ਮੰਗ ਕੀਤੀ ਹੈ।
