ਸ਼ੇਖ ਹਸੀਨਾ ਨੇ 16 ਦਸੰਬਰ ਨੂੰ ਬੰਗਲਾਦੇਸ਼ ਪਰਤਣ ਦੀ ਜਤਾਈ ਇੱਛਾ
- ਮੌਤ ਦੀ ਸਜ਼ਾ, ਹਵਾਲਗੀ ਦੀ ਮੰਗ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਵਾਪਸੀ ’ਤੇ ਅਨਿਸ਼ਚਿਤਤਾ
ਨਵੀਂ ਦਿੱਲੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 16 ਦਸੰਬਰ ਨੂੰ ਦੇਸ਼ ਦੇ ਵਿਜੇ ਦਿਵਸ ਮੌਕੇ ਵਤਨ ਪਰਤਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਤੋਂ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਰਾਹੀਂ ਢਾਕਾ ਵਾਪਸ ਜਾਣ ਲਈ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਉਨ੍ਹਾਂ ਖ਼ਿਲਾਫ਼ ਮੌਤ ਦੀ ਸਜ਼ਾ, ਭਾਰਤ ਤੋਂ ਹਵਾਲਗੀ ਦੀ ਮੰਗ ਅਤੇ ਬੰਗਲਾਦੇਸ਼ ਵਿੱਚ ਸਿਆਸੀ ਤਣਾਅ ਕਾਰਨ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਅਜੇ ਵੀ ਸਥਿਤੀ ਸਪੱਸ਼ਟ ਨਹੀਂ ਹੈ।
ਹਸੀਨਾ ਦੇ ਬੁਲਾਰੇ ਸਈਅਦ ਮੋਜ਼ਮਲ ਅਲੀ ਮੁਤਾਬਕ, ਸਾਬਕਾ ਪ੍ਰਧਾਨ ਮੰਤਰੀ 16 ਦਸੰਬਰ ਨੂੰ ਢਾਕਾ ਪਹੁੰਚਣਾ ਚਾਹੁੰਦੇ ਹਨ। ਬੰਗਲਾਦੇਸ਼ ਵਿੱਚ ਇਹ ਦਿਨ 1971 ਵਿੱਚ ਪਾਕਿਸਤਾਨ ਤੋਂ ਆਜ਼ਾਦੀ ਦੀ ਜਿੱਤ ਦੀ ਯਾਦ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਵਿਦਰੋਹ ਕਾਰਨ 15 ਸਾਲਾਂ ਦਾ ਸ਼ਾਸਨ ਖ਼ਤਮ ਹੋਣ ਮਗਰੋਂ ਸ਼ੇਖ ਹਸੀਨਾ ਅਗਸਤ 2024 ਵਿੱਚ ਬੰਗਲਾਦੇਸ਼ ਛੱਡ ਕੇ ਭਾਰਤ ਆ ਗਏ ਸਨ। ਉਹ ਉਦੋਂ ਤੋਂ ਭਾਰਤ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਦੀ ਵਾਪਸੀ ਲਈ ਆਵਾਜਾਈ ਦਾ ਪ੍ਰਬੰਧ ਕਰੇ।
ਨਵੇਂ ਪਾਸਪੋਰਟ ਅਤੇ ਪਛਾਣ ਪੱਤਰ ਦੀ ਵੀ ਕੀਤੀ ਸੀ ਮੰਗ
ਵਾਪਸੀ ਦੀ ਯੋਜਨਾ ਦਾ ਐਲਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਕੁਝ ਹਫ਼ਤੇ ਪਹਿਲਾਂ ਸ਼ੇਖ ਹਸੀਨਾ ਨੇ ਨਵਾਂ ਬੰਗਲਾਦੇਸ਼ੀ ਪਾਸਪੋਰਟ ਅਤੇ ਕੌਮੀ ਪਛਾਣ ਪੱਤਰ (NID) ਜਾਰੀ ਕਰਨ ਦੀ ਮੰਗ ਕੀਤੀ ਸੀ। ਅਗਸਤ 2024 ਵਿੱਚ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਯਾਤਰਾ ਦਸਤਾਵੇਜ਼ ਰੱਦ ਕਰ ਦਿੱਤੇ ਗਏ ਸਨ। ਉਨ੍ਹਾਂ ਦੇ ਕਾਨੂੰਨੀ ਨੁਮਾਇੰਦਿਆਂ, ਲੰਡਨ ਸਥਿਤ ਮੈਟ੍ਰਿਕਸ ਚੈਂਬਰਜ਼ ਨੇ 9 ਨਵੰਬਰ ਨੂੰ ਬੰਗਲਾਦੇਸ਼ ਹਾਈ ਕਮਿਸ਼ਨ ਨਾਲ ਸੰਪਰਕ ਕਰਕੇ ਨਵੀਂ ਦਿੱਲੀ ਵਿੱਚ ਦਸਤਾਵੇਜ਼ ਜਾਰੀ ਕਰਨ ਦੀ ਮੰਗ ਰੱਖੀ ਸੀ।
ਬੰਗਲਾਦੇਸ਼ ਸਰਕਾਰ ਨੇ ਕੀ ਕਿਹਾ ?
ਬੰਗਲਾਦੇਸ਼ ਸਰਕਾਰ ਨੇ ਸ਼ੇਖ ਹਸੀਨਾ ਨੂੰ ਨਵੇਂ ਯਾਤਰਾ ਦਸਤਾਵੇਜ਼ ਜਾਰੀ ਕਰਨ ਦੀ ਮੰਗ ਦੇ ਕਾਨੂੰਨੀ ਆਧਾਰ ’ਤੇ ਸਵਾਲ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਾਪਸੀ ਨਵੇਂ ਦਸਤਾਵੇਜ਼ ਜਾਰੀ ਕਰਨ ਦੀ ਬਜਾਏ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੌਜੂਦਾ ਹਵਾਲਗੀ ਸੰਧੀ ਤਹਿਤ ਹੋਣੀ ਚਾਹੀਦੀ ਹੈ। ਬੰਗਲਾਦੇਸ਼ ਪਹਿਲਾਂ ਹੀ ਭਾਰਤ ਕੋਲ ਸ਼ੇਖ ਹਸੀਨਾ ਦੀ ਹਵਾਲਗੀ ਲਈ ਰਸਮੀ ਬੇਨਤੀ ਕਰ ਚੁੱਕਾ ਹੈ। ਭਾਰਤੀ ਅਧਿਕਾਰੀਆਂ ਵੱਲੋਂ ਇਸ ਬੇਨਤੀ ਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। ਇਸ ਤਰ੍ਹਾਂ 16 ਦਸੰਬਰ ਨੂੰ ਵਾਪਸੀ ਦੀ ਤਾਰੀਖ਼ ਐਲਾਨਣ ਦੇ ਬਾਵਜੂਦ ਸ਼ੇਖ ਹਸੀਨਾ ਦੀ ਬੰਗਲਾਦੇਸ਼ ਵਾਪਸੀ ਕਈ ਕਾਨੂੰਨੀ ਅਤੇ ਕੂਟਨੀਤਕ ਪੇਚੀਦਗੀਆਂ ਵਿੱਚ ਘਿਰੀ ਹੋਈ ਹੈ।