ਸ਼ੇਰ-ਏ-ਪੰਜਾਬ T20 ਲੀਗ 2026 ਦਾ ਸ਼ਡਿਊਲ ਜਾਰੀ, PCA ‘ਚ ਖੇਡਣਗੇ ਗਿੱਲ-ਅਰਸ਼ਦੀਪ ਵਰਗੇ ਸਿਤਾਰੇ
PCA Mohali Sher-e-Punjab T20 League; ਉੱਤਰ ਭਾਰਤ ਅਤੇ ਟ੍ਰਾਈਸਿਟੀ ਦੇ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ। ਹੁਣ ਲੋਕ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਮੈਦਾਨ ‘ਚ ਸ਼ੁਭਮਨ ਗਿੱਲ, ਪ੍ਰਭਸਿਮਰਨ ਸਿੰਘ, ਅਰਸ਼ਦੀਪ ਸਿੰਘ, ਰਾਮਨਦੀਪ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਬਰਾੜ ਵਰਗੇ ਖਿਡਾਰੀਆਂ ਨੂੰ ਖੇਡਦੇ ਦੇਖ ਸਕਣਗੇ।
PCA ਵੱਲੋਂ ਕਰਵਾਈ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ 2026 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 30 ਅਗਸਤ ਨੂੰ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 13 ਸਤੰਬਰ ਨੂੰ ਖੇਡਿਆ ਜਾਵੇਗਾ।
ਕਰੀਬ ਦੋ ਹਫ਼ਤੇ ਚੱਲਣ ਵਾਲੀ ਇਸ ਲੀਗ ਵਿੱਚ ਪੰਜਾਬ ਦੇ ਤਜਰਬੇਕਾਰ ਖਿਡਾਰੀਆਂ ਦੇ ਨਾਲ ਨਵੇਂ ਉਭਰਦੇ ਖਿਡਾਰੀਆਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।
ਪਹਿਲਾ ਮੁਕਾਬਲਾ ਅੰਮ੍ਰਿਤਸਰ ਸੂਰਮਾਜ਼ ਤੇ ਮੋਹਾਲੀ ਕਿੰਗਜ਼ ਵਿਚਾਲੇ
ਲੀਗ ਦਾ ਪਹਿਲਾ ਮੈਚ 30 ਅਗਸਤ ਨੂੰ ਅੰਮ੍ਰਿਤਸਰ ਸੂਰਮਾਜ਼ ਅਤੇ ਮੋਹਾਲੀ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਸਾਰੇ ਮੁਕਾਬਲੇ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਹੋਣਗੇ।
ਇਸ ਲੀਗ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ ਅਤੇ ਪੂਰੇ ਟੂਰਨਾਮੈਂਟ ਦੌਰਾਨ 27 ਮੈਚ ਖੇਡੇ ਜਾਣਗੇ।
6 ਟੀਮਾਂ ਨੂੰ 2 ਗਰੁੱਪਾਂ ‘ਚ ਵੰਡਿਆ
ਗਰੁੱਪ-ਏ:
ਮੋਹਾਲੀ ਕਿੰਗਜ਼
ਫਾਜ਼ਿਲਕਾ ਫਾਲਕਨਜ਼
ਜਲੰਧਰ ਵਾਰਿਅਰਜ਼
ਗਰੁੱਪ-ਬੀ:
ਬਠਿੰਡਾ ਰਾਇਲਜ਼
ਅੰਮ੍ਰਿਤਸਰ ਸੂਰਮਾਜ਼
ਲੁਧਿਆਣਾ ਲਾਇਨਜ਼
ਲੀਗ ਪੜਾਅ ਤੋਂ ਬਾਅਦ ਟਾਪ-4 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਦੋਵੇਂ ਸੈਮੀਫਾਈਨਲ 12 ਸਤੰਬਰ ਨੂੰ ਖੇਡੇ ਜਾਣਗੇ, ਜਦਕਿ ਖਿਤਾਬੀ ਮੁਕਾਬਲਾ 13 ਸਤੰਬਰ ਨੂੰ ਹੋਵੇਗਾ।
ਟੀਵੀ ਅਤੇ ਆਨਲਾਈਨ ਪ੍ਰਸਾਰਣ
ਸ਼ੇਰ-ਏ-ਪੰਜਾਬ T20 ਲੀਗ ਦੇ ਮੈਚਾਂ ਦਾ ਲਾਈਵ ਟੈਲੀਕਾਸਟ Sony Sports Ten 5 HD ਅਤੇ Sony Sports Ten 5 SD ‘ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਚਾਂ ਦੀ ਲਾਈਵ ਸਟ੍ਰੀਮਿੰਗ Sony LIV ‘ਤੇ ਵੀ ਉਪਲਬਧ ਹੋਵੇਗੀ।
