ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂ ਚਾਰੇ ਦੇ 15 ਟਰੱਕ ਰਵਾਨਾ, ਪੰਜਾਬ ਸਰਕਾਰ ‘ਤੇ ਖੜੇ ਕੀਤੇ ਗੰਭੀਰ ਸਵਾਲ
Punjab Flood Relief materials; ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਸਹਾਇਤਾ ਕਦਮ ਚੁੱਕਿਆ ਗਿਆ।ਪਾਰਟੀ ਵੱਲੋਂ ਹੜਾਂ ਨਾਲ ਪ੍ਰਭਾਵਿਤ ਇਲਾਕਿਆਂ ਲਈ 15 ਟਰੱਕ ਪਸ਼ੂ ਚਾਰੇ ਦੇ ਭੇਜੇ ਗਏ।ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ ਪਾਰਟੀ ਦੀ ਵੱਡੀ ਲੀਡਰਸ਼ਿਪ ਮੌਜੂਦ ਰਹੀ।ਅਕਾਲੀ ਦਲ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਫੇਲ ਰਹੀ ਹੈ, ਉੱਥੇ ਪਾਰਟੀ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਸਹਾਇਤਾ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਲਈ ਕੀਤੀ ਜਾ ਰਹੀ ਸਹਾਇਤਾ ਦਾ ਸਿਲਸਿਲਾ ਜਾਰੀ ਹੈ। ਅੱਜ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਤੋਂ 15 ਟਰੱਕ ਪਸ਼ੂ ਚਾਰੇ ਦੇ ਰਵਾਨਾ ਕੀਤੇ ਗਏ, ਜਿਨ੍ਹਾਂ ਵਿੱਚੋਂ 10 ਟਰੱਕ ਪੱਟੀ ਇਲਾਕੇ ਅਤੇ 5 ਟਰੱਕ ਖੰਡੂਰ ਸਾਹਿਬ ਭੇਜੇ ਗਏ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬੰਟੀ ਰਮਾਣਾ, ਕਵਰਜੀਤ ਸਿੰਘ ਰੋਜੀ ਬਰਕੰਦੀ, ਮਨਤਾਰ ਸਿੰਘ ਬਰਾੜ ਸਮੇਤ ਪਾਰਟੀ ਦੀ ਪੂਰੀ ਲੀਡਰਸ਼ਿਪ ਹਾਜ਼ਰ ਰਹੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ 1988 ਤੋਂ ਬਾਅਦ ਪੰਜਾਬ ਨੇ ਸਭ ਤੋਂ ਭਾਰੀ ਹੜਾਂ ਦਾ ਸਾਹਮਣਾ ਕੀਤਾ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਦੇ ਨਾਲ ਖੇਤੀਬਾੜੀ, ਪਸ਼ੂ ਤੇ ਘਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਦੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ, ਤਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਗੇ ਆ ਕੇ ਇਹ ਸੇਵਾ ਦਾ ਕੰਮ ਸੰਭਾਲਿਆ ਹੈ। ਸੁਖਬੀਰ ਸਿੰਘ ਬਾਦਲ ਰਾਤ ਦੇ 11 ਵਜੇ ਤੱਕ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਨਾਲ ਖੜੇ ਰਹੇ, ਜਿੱਥੇ ਲੋੜ ਅਨੁਸਾਰ ਨਗਦੀ, ਪਸ਼ੂ ਚਾਰਾ, ਡੀਜ਼ਲ, ਦਵਾਈਆਂ ਅਤੇ ਡਾਕਟਰਾਂ ਦੀਆਂ ਟੀਮਾਂ ਤੱਕ ਪਹੁੰਚਾਈਆਂ ਗਈਆਂ। ਮਲੂਕਾ ਨੇ ਕਿਹਾ ਕਿ ਹੁਣ ਤੱਕ ਅਕਾਲੀ ਦਲ ਵੱਲੋਂ 400 ਟਰੱਕ ਪਸ਼ੂ ਚਾਰੇ ਦੇ ਭੇਜੇ ਜਾ ਚੁੱਕੇ ਹਨ ਅਤੇ ਜਿਵੇਂ ਜਿਵੇਂ ਲੋਕਾਂ ਦੀ ਲੋੜ ਬਣਦੀ ਹੈ, ਸਹਾਇਤਾ ਜਾਰੀ ਰਹੇਗੀ।
ਇਸ ਮੌਕੇ ਜਦੋਂ ਮਲੂਕਾ ਤੋਂ ਗਾਇਕ ਰਾਜਵੀਰ ਜਵੰਦਾ ਦੇ ਹਾਦਸੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਰਾਜਵੀਰ ਜਵੰਦਾ ਬਹੁਤ ਵਧੀਆ ਗਾਇਕ ਅਤੇ ਚੰਗੇ ਸੁਭਾਅ ਵਾਲੇ ਨੌਜਵਾਨ ਹਨ, ਪਰਮਾਤਮਾ ਉਹਨਾਂ ਨੂੰ ਜਲਦੀ ਤੰਦਰੁਸਤ ਕਰੇ। ਉਹਨਾਂ ਨੇ ਦੱਸਿਆ ਕਿ ਹਾਦਸੇ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ, ਜਿਨ੍ਹਾਂ ਵਿੱਚ ਰੀੜ ਦੀ ਹੱਡੀ ਅਤੇ ਸਿਰ ਦੀ ਸੱਟ ਵੀ ਸ਼ਾਮਲ ਹੈ।
ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਸੜਕਾਂ ‘ਤੇ ਪਸ਼ੂਆਂ ਦੇ ਕਾਰਨ ਵੱਡੇ ਹਾਦਸੇ ਹੋ ਰਹੇ ਹਨ, ਤਾਂ ਮਲੂਕਾ ਨੇ ਕਿਹਾ ਕਿ ਸਰਕਾਰ ਵੱਲੋਂ ਪਸ਼ੂਆਂ ਦੇ ਨਾਮ ‘ਤੇ ਟੈਕਸ ਤਾਂ ਲਏ ਜਾ ਰਹੇ ਹਨ ਪਰ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਹੈ, ਜਿਸ ਨਾਲ ਜਾਨੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।
ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਸੁਖਬੀਰ ਸਿੰਘ ਬਾਦਲ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਐਸਜੀਪੀਸੀ ਦਾ ਪੈਸਾ ਵੰਡ ਰਹੇ ਹਨ। ਇਸ ‘ਤੇ ਮਲੂਕਾ ਨੇ ਸਾਫ ਕਿਹਾ ਕਿ ਇਹ ਦੋਸ਼ ਝੂਠੇ ਹਨ, ਕੋਈ ਵੀ ਸਾਬਤ ਕਰਕੇ ਦਿਖਾਵੇ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੀ ਗੋਲਕ ਦਾ ਪੈਸਾ ਤਿੰਨ ਬੰਦਿਆਂ ਦੀ ਹਾਜ਼ਰੀ ਵਿੱਚ ਗਿਣਿਆ ਜਾਂਦਾ ਹੈ ਅਤੇ ਸਿੱਧਾ ਬੈਂਕ ਵਿੱਚ ਜਮਾ ਹੁੰਦਾ ਹੈ।
ਇਸ ਤੋਂ ਇਲਾਵਾ ਮਲੂਕਾ ਨੇ ਪੰਜਾਬ ਸਰਕਾਰ ਦੇ “ਮਿਸ਼ਨ ਚੜ੍ਹਦੀ ਕਲਾ” ‘ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਜਦੋਂ ਮੁੱਖ ਮੰਤਰੀ ਰਾਹਤ ਫੰਡ ਮੌਜੂਦ ਹੈ ਤਾਂ ਨਵੇਂ ਮਿਸ਼ਨ ਦੀ ਲੋੜ ਨਹੀਂ ਸੀ। ਇਹ ਸਕੀਮ ਸਿਰਫ ਪੈਸੇ ਦੀ ਦੁਰਵਰਤੋਂ ਲਈ ਬਣਾਈ ਗਈ ਹੈ, ਇਸ ਲਈ ਹੀ ਲੋਕ ਇਸ ਵਿੱਚ ਪੈਸਾ ਨਹੀਂ ਭੇਜ ਰਹੇ।