ਅਮਰੀਕਾ ਦੇ ਸਕੂਲ ’ਚ ਗੋਲੀਬਾਰੀ, 3 ਬੱਚਿਆਂ ਸਮੇਤ 4 ਦੀ ਮੌਤ
- 16 ਸਾਲਾ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ
Shooting at a school in US: ਨਵੀਂ ਦਿੱਲੀ: ਅਮਰੀਕਾ ਦੇ ਓਰੇਗਨ ਸੂਬੇ ਦੇ ਬੈਂਡ ਸ਼ਹਿਰ ਸਥਿਤ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਸ਼ੱਕੀ ਹਮਲਾਵਰ ਵੀ ਮ੍ਰਿਤਕ ਮਿਲਿਆ ਹੈ। ਉਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਸਕੂਲ ਵਿੱਚ ਦਾਖ਼ਲ ਹੋ ਕੇ ਕੀਤੀ ਗੋਲੀਬਾਰੀ
ਖ਼ਬਰ ਏਜੰਸੀ ਏਪੀ ਮੁਤਾਬਕ, ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ ਇੱਕ ਵਜੇ ਪੁਲਿਸ ਨੂੰ ਸਕੂਲ ਦੇ ਬਾਹਰ ਖੜ੍ਹੀ ਇੱਕ ਕਾਰ ’ਤੇ ਗੋਲੀ ਚੱਲਣ ਦੀ ਸੂਚਨਾ ਮਿਲੀ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਕਈ ਐਮਰਜੈਂਸੀ ਕਾਲਾਂ ਆਈਆਂ, ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਇੱਕ ਵਿਅਕਤੀ ਸਕੂਲ ਦੇ ਅੰਦਰ ਦਾਖ਼ਲ ਹੋ ਕੇ ਗੋਲੀਬਾਰੀ ਕਰ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਸਕੂਲ ਨੂੰ ਘੇਰ ਕੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਮੁਤਾਬਕ, ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਘੱਟੋ-ਘੱਟ ਦੋ ਜ਼ਖ਼ਮੀਆਂ ਨੂੰ ਇਲਾਜ ਲਈ ਸੇਂਟ ਚਾਰਲਸ ਮੈਡੀਕਲ ਸੈਂਟਰ ਲਿਜਾਇਆ ਗਿਆ।
16 ਸਾਲਾ ਸ਼ੱਕੀ ਹਮਲਾਵਰ ਦੀ ਵੀ ਮੌਤ
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਹਮਲਾਵਰ ਵੀ ਮ੍ਰਿਤਕ ਮਿਲਿਆ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਉਸ ਦੀ ਉਮਰ 16 ਸਾਲ ਸੀ। ਹਾਲਾਂਕਿ, ਉਸ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਜਾਂਚ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਉਸ ਦੀ ਮੌਤ ਪੁਲਿਸ ਦੀ ਕਾਰਵਾਈ ਦੌਰਾਨ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਅੰਤਿਮ ਗਿਣਤੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਸਕੂਲ ਖਾਲੀ ਕਰਵਾਇਆ, ਚਰਚ ਬਣਿਆ ਮਿਲਣ ਕੇਂਦਰ
ਗੋਲੀਬਾਰੀ ਤੋਂ ਬਾਅਦ ਸਕੂਲ ਨੂੰ ਤੁਰੰਤ ਲੌਕਡਾਊਨ ਕਰ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਕਮਰੇ-ਕਮਰੇ ਦੀ ਜਾਂਚ ਕਰਦਿਆਂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢਿਆ। ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਨਾਲ ਮਿਲਾਉਣ ਲਈ ਇੱਕ ਚਰਚ ਨੂੰ ਅਸਥਾਈ ਮਿਲਣ ਕੇਂਦਰ ਬਣਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਕੂਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੁਰੱਖਿਆ ਬਲਾਂ ਦੀ ਮੌਜੂਦਗੀ ਬਣੀ ਰਹੇਗੀ।
ਐੱਫਬੀਆਈ ਸਮੇਤ ਕਈ ਏਜੰਸੀਆਂ ਵੱਲੋਂ ਜਾਂਚ
ਐੱਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਦੱਸਿਆ ਕਿ ਬਿਊਰੋ ਦਾ ਪੋਰਟਲੈਂਡ ਦਫ਼ਤਰ ਸਥਾਨਕ ਏਜੰਸੀਆਂ ਨਾਲ ਮਿਲ ਕੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਇਸ ਤੋਂ ਇਲਾਵਾ ਅਲਕੋਹਲ, ਤੰਬਾਕੂ, ਹਥਿਆਰਾਂ ਅਤੇ ਵਿਸਫੋਟਕਾਂ ਨਾਲ ਸਬੰਧਤ ਸੰਘੀ ਏਜੰਸੀ (ਏਟੀਐੱਫ) ਅਤੇ ਓਰੇਗਨ ਸਟੇਟ ਪੁਲਿਸ ਵੀ ਜਾਂਚ ਵਿੱਚ ਸ਼ਾਮਲ ਹਨ। ਜਾਂਚ ਦੌਰਾਨ ਹਮਲਾਵਰ ਦੇ ਮਕਸਦ, ਹਥਿਆਰ ਦੇ ਸਰੋਤ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਸਕੂਲ ਪ੍ਰਬੰਧਕਾਂ ਨੇ ਜਤਾਇਆ ਦੁੱਖ
ਬੈਂਡ-ਲਾ ਪਾਈਨ ਸਕੂਲਜ਼ ਦੇ ਸੁਪਰਡੈਂਟ ਸਟੀਵਨ ਕੁੱਕ ਨੇ ਇਸ ਘਟਨਾ ਨੂੰ ਦੁਖਦਾਈ ਤ੍ਰਾਸਦੀ ਕਰਾਰ ਦਿੰਦਿਆਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਮੇਂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣਾ ਸਕੂਲ ਪ੍ਰਸ਼ਾਸਨ ਦੀ ਤਰਜੀਹ ਹੈ।
