ਬਟਾਲਾ ‘ਚ ਸਿੱਖ ਅਫਸਰ ਦੀ ਕੁੱਟਮਾਰ ਅਤੇ ਦਸਤਾਰ ਦੀ ਕੀਤੀ ਬੇਅਦਬੀ, ਕੈਮਰੇ ‘ਚ ਹੋਈ ਘਟਨਾ, ਪੁਲਿਸ ਨੇ ਮਾਮਲਾ ਕੀਤਾ ਦਰਜ
Batala Sikh officer beaten; ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਸਥਿਤ ਇਫਕੋ ਦੇ ਈ ਵਿਕਰੀ ਕੇਂਦਰ ਦੇ ਸੇਲਜ ਅਫਸਰ ਨਾਲ ਗਾਲੀ-ਗਲੋਚ ਕਰਨ, ਧਮਕੀਆਂ ਦੇਣ ਅਤੇ 32 ਬੋਰੀਆਂ ਯੂਰੀਆ ਖਾਦ ਧੱਕੇ ਨਾਲ ਲੈ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਸਿਵਲ ਲਾਈਨ ਦੀ ਪੁਲਸ ਨੇ 3 ਪਛਾਤਿਆਂ ਤੇ 2 ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਤਫਤੀਸ਼ੀ ਅਫਸਰ ਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਨੂਰ ਸਿੰਘ ਸਿੱਧੂ ਪੁੱਤਰ ਪਰਮਿੰਦਰ ਸਿੰਘ ਵਾਸੀ ਨਗੀਨਾ ਐਵੀਨਿਊ, ਮਜੀਠਾ ਰੋਡ ਅੰਮਿ੍ਰਤਸਰ ਨੇ ਦੱਸਿਆ ਕਿ ਉਹ ਇਫਕੋ ਈ-ਬਾਜ਼ਾਰ ਲਿਮਟਿਡ ਸਾਹਮਣੇ ਦਾਣਾ ਮੰਡੀ ਬਟਾਲਾ ਵਿਖੇ ਬਤੌਰ ਸੇਲਜ ਅਫਸਰ ਡਿਊਟੀ ਕਰ ਰਿਹਾ ਹੈ। 19 ਅਕਤੂਬਰ ਨੂੰ ਦਫਤਰ ਵਿਚ ਜਿਮੀਂਦਾਰਾਂ ਨੂੰ ਬਣਦੇ ਕੋਟੇ ਮੁਤਾਬਕ ਯੂਰੀਆ ਖਾਦ ਵੰਡ ਰਿਹਾ ਸੀ ਕਿ ਇਸੇ ਦੌਰਾਨ 3 ਵਿਅਕਤੀ ਮਲਕੀਤ ਸਿੰਘ, ਨਿਰਭੈਲ ਸਿੰਘ ਤੇ ਆਦੇਸ਼ਬੀਰ ਸਿੰਘ ਵਾਸੀਆਨ ਪਿੰਡ ਭੁੱਲਰ ਆਏ, ਜਿੰਨ੍ਹਾਂ ਨੇ ਉਸ ਨਾਲ ਗਾਲੀ ਗੋਲਚ ਕਰਨਾ ਸ਼ੁਰੂ ਕਰ ਦਿੱਤਾ।
ਉਕਤ ਬਿਆਨਕਰਤਾ ਮੁਤਾਬਕ ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤਾਨ ਨੇ ਉਸ ’ਤੇ ਹਮਲਾ ਕਰਦਿਆਂ ਉਸਦੀ ਪੱਗ ਉਤਾਰ ਦਿੱਤੀ ਅਤੇ ਆਦੇਸ਼ਬੀਰ ਸਿੰਘ ਸਮੇਤ ਦੋ ਹੋਰ ਅਣਪਛਾਤਿਆਂ ਨੇ ਉਸਦੀ ਲੇਬਰ ਨੂੰ ਬਾਹਰ ਖੜੇ ਟਰੱਕ ਤੋਂ ਉਤਾਰ ਦਿੱਤਾ ਅਤੇ ਬਿਨਾਂ ਪੈਸੇ ਦਿੱਤਿਆਂ ਸਬਸਿਡੀ ਵਾਲੀ ਯੂਰੀਆ ਖਾਦ ਦੀਆਂ 32 ਬੋਰੀਆਂ ਧੱਕੇ ਨਾਲ ਲੈ ਗਏ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਉਕਤ ਬਿਆਨਕਰਤਾ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਕਰੀਬ ਇਕ ਹਫਤਾ ਪਹਿਲਾਂ ਬੀਤੀ 12 ਅਕਤੂਬਰ ਨੂੰ 100 ਬੋਰੀਆਂ ਯੂਰੀਆ ਸਬਸਿਡੀ ਵਾਲੀ ਖਾਦ ਮਲਕੀਤ ਸਿੰਘ ਲਿਜਾ ਚੁੱਕਾ ਹੈ ਤੇ ਉਕਤ ਵਿਅਕਤੀਆ ਨੇ ਉਸ ਨਾਲ ਧੱਕਾ ਕੀਤਾ ਹੈ। ਐੱਸਆਈ ਮਨੋਹਰ ਲਾਲ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਉਪਰੋਕਤ ਤਿੰਨ ਪਛਾਤਿਆਂ ਤੇ 2 ਅਣਪਛਾਤਿਆਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ।