ਕਲਯੁਗੀ ਪੁੱਤ ਵੱਲੋਂ ਆਪਣੇ ਪਿਤਾ ਦਾ ਬੇਰਹਿਮ ਨਾਲ ਕਤਲ
Son commits brutal murder of his father: ਗਿੱਦੜਬਾਹਾ: ਗਿੱਦੜਬਾਹਾ ਵਿੱਚ ਦੇਰ ਸ਼ਾਮ ਇੱਕ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਥਿਤ ਤੌਰ ’ਤੇ ਕਿਰਪਾਨ ਨਾਲ ਹਮਲਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (75) ਗਿੱਦੜਬਾਹਾ ਵਜੋਂ ਹੋਈ ਹੈ। ਘਟਨਾ ਸਮੇਂ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਵਿੱਚ ਮੌਜੂਦ ਸਨ।
ਮ੍ਰਿਤਕ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਬਖ਼ਸ਼ੀਸ਼ ਸਿੰਘ ਅਤੇ ਉਸ ਦੇ ਪੁੱਤਰ ਵਿਚਕਾਰ ਤਕਰਾਰ ਹੋ ਗਈ ਸੀ। ਇਸ ਦੌਰਾਨ ਪੁੱਤਰ ਨੇ ਕਥਿਤ ਤੌਰ ’ਤੇ ਕਿਰਪਾਨ ਨਾਲ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਸਪਾਲ ਕੌਰ ਮੁਤਾਬਕ, ਉਸ ਦੀ ਨੂੰਹ ਕੁਝ ਦਿਨ ਪਹਿਲਾਂ ਆਪਣੀਆਂ ਤਿੰਨ ਧੀਆਂ ਨੂੰ ਘਰ ਛੱਡ ਕੇ ਪੇਕੇ ਚਲੀ ਗਈ ਸੀ। ਘਟਨਾ ਸਮੇਂ ਘਰ ਵਿੱਚ ਉਹ ਖ਼ੁਦ, ਉਸ ਦਾ ਪਤੀ, ਪੁੱਤਰ ਅਤੇ ਤਿੰਨੋਂ ਪੋਤੀਆਂ ਮੌਜੂਦ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਗਿੱਦੜਬਾਹਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਖ਼ਸ਼ੀਸ਼ ਸਿੰਘ ਦੀ ਮੌਤ ਉਸ ਦੇ ਪੁੱਤਰ ਵੱਲੋਂ ਕੀਤੇ ਹਮਲੇ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।