ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮਨੁੱਖੀ ਤਸਕਰੀ ‘ਚ ਸ਼ਾਮਲ 8 ਮੁਲਜ਼ਮਾਂ ਨੂੰ ਕੀਤਾ ਕਾਬੂ

Sri Fatehgarh Sahib Police: ਪ੍ਰਾਈਵੇਟ ਹਸਪਤਾਲ ਚੋਂ ਇੱਕ ਨਵ ਜਨਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦਾ ਲਾਲਚ ਦਿੱਤਾ ਅਤੇ ਫਿਰ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚਿਆ।
Human Trafficking Case: ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੁਲਿਸ ਨੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਅੱਠ ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੋਂ ਨਵ ਜੰਮੇ ਬੱਚਿਆਂ ਦੀ ਭਾਲ ਕਰਕੇ ਲੋੜਵੰਦ ਪਰਿਵਾਰਾਂ ਤੋਂ ਘੱਟ ਪੈਸਿਆਂ ਵਿੱਚ ਨਵ ਜੰਮੇ ਬੱਚਿਆਂ ਨੂੰ ਖਰੀਦ ਕੇ ਅੱਗੇ ਵੱਧ ਪੈਸਿਆਂ ਵਿੱਚ ਵੇਚਿਆ ਜਾਂਦਾ ਸੀ। ਇਸ ਦੇ ਨਾਲ ਹੀ ਇਹ ਕੰਮ ਕਰਨ ਵਾਲੇ ਗੈਂਗ ਨੂੰ ਪੁਲਿਸ ਨੇ ਨਕਲੀ ਡੇਢ ਲੱਖ ਦੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਸ੍ਰੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਗੈਂਗ ਨੇ ਮੰਡੀ ਗੋਬਿੰਦਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਚੋਂ ਇੱਕ ਨਵ ਜਨਮੇ ਬੱਚੇ ਨੂੰ ਲੱਖਾਂ ਰੁਪਏ ਵਿੱਚ ਖਰੀਦਣ ਦਾ ਲਾਲਚ ਦਿੱਤਾ ਅਤੇ ਫਿਰ ਆਸ਼ਾ ਵਰਕਰ ਤੇ ਦਾਈ ਨਾਲ ਮਿਲ ਕੇ 4 ਲੱਖ ਰੁਪਏ ਵਿੱਚ ਵੇਚਿਆ। ਇਸ ‘ਚ ਹੈਰਾਨੀ ਦੀ ਗੱਲ ਹੈ ਕਿ ਬੱਚੇ ਨੂੰ ਖਰੀਦਣ ਵਾਲਿਆਂ ਵੱਲੋਂ ਜਾਅਲੀ ਡੇਢ ਲੱਖ ਦੀ ਕਰੰਸੀ ਬੱਚੇ ਦੇ ਮਾਪਿਆਂ ਨੂੰ ਦਿੱਤੀ। ਜਿਸ ‘ਚ ਸ੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਨਵਜਨਮੇ ਬੱਚੇ ਨੂੰ ਤਿਨ ਲੇਅਰਾਂ ਵਿੱਚ ਵਿਕਣ ਤੋਂ ਬਾਅਦ ਪੱਛਮੀ ਬੰਗਾਲ ਕਲਕੱਤੇ ਤੋਂ ਬਰਾਮਦ ਕਰਕੇ ਲਿਆਂਦਾ।
ਨਵ ਜੰਮੇ ਬੱਚੇ ਨੂੰ ਡੇਢ ਲੱਖ ‘ਚ ਖਰੀਦ 4 ਲੱਖ ‘ਚ ਵੇਚਿਆ
ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਚੋਂ ਇੱਕ ਔਰਤ ਨੇ ਲੜਕੇ ਨੂੰ ਜਨਮ ਦਿੱਤਾ। ਲੜਕੇ ਦੇ ਮਾਪਿਆਂ ਨੇ ਗਰੀਬੀ ਅਤੇ ਆਰਥਿਕ ਤੰਗੀ ਕਾਰਨ ਨਵਜੰਮੇ ਲੜਕੇ ਦੇ ਪਿਤਾ ਨੇ ਜਲੰਧਰ ਵਾਸੀ ਆਸ਼ਾ ਵਰਕਰ ਅਮਨਦੀਪ ਕੌਰ ਨਾਲ ਮਿਲਕੇ ਨਵ ਜੰਮੇ ਲੜਕੇ ਨੂੰ ਅੱਗੇ ਵੇਚਣ ਲਈ ਸੌਦੇਬਾਜ਼ੀ ਕੀਤੀ ਅਤੇ 23 ਜੂਨ ਨੂੰ ਦਾਈ ਚਰਨ ਕੌਰ, ਆਸ਼ਾ ਵਰਕਰ ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ ਨਵ-ਜੰਮੇ ਬੱਚੇ ਨੂੰ 4 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਵੇਚਿਆ। ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵ ਜੰਮੇ ਬੱਚੇ ਨੂੰ ਕਾਰ ਵਿੱਚ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ ਤੇ ਬੱਚੇ ਦੇ ਜਾਲੀ ਕਾਗਜ਼ਾਤ ਤਿਆਰ ਕਰਕੇ ਜਹਾਜ਼ ਰਾਹੀਂ ਪੱਛਮੀ ਬੰਗਾਲ, ਕਲਕੱਤਾ ਚਲੇ ਗਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਉਜਾਗਰ ਹੋਣ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਐਸਪੀਡੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ, ਗੁਰਦੀਪ ਸਿੰਘ ਡੀ.ਐਸ.ਪੀ ਸਬ ਡਵੀਜਨ ਅਮਲੋਹ ਦੀ ਅਗਵਾਈ ਵਿੱਚ ਇੰਸ: ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ ਦੀ ਟੀਮ ਵੱਲੋਂ 27 ਜੂਨ ਨੂੰ ਤਲਜਿੰਦਰ ਸਿੰਘ, ਆਸ਼ਾ ਵਰਕਰ ਕਮਲੇਸ਼ ਕੌਰ ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ।
ਦੋਸ਼ੀਆਂ ਤੋਂ ਕੀਤੀ ਜਾ ਰਹੀ ਸਖ਼ਤੀ ਨਾਲ ਪੁੱਛਗਿੱਛ
ਗ੍ਰਿਫ਼ਤਾਰ ਤਿੰਨੋ ਔਰਤਾਂ ਕੋਲੋਂ 04 ਲੱਖ ਦੇ ਨਕਲੀ ਨੋਟ ਬਰਾਮਦ ਕੀਤੇ ਗਏ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨਵ ਜੰਮੇ ਬੱਚੇ ਨੂੰ ਕਲਕੱਤਾ (ਪੱਛਮੀ ਬੰਗਾਲ) ਲੈ ਕੇ ਚਲੇ ਗਏ ਹਨ। ਇਸ ਮਗਰੋਂ ਪੁਲਿਸ ਟੀਮ ਨੇ ਕੱਲਕੱਤੇ ਪਹੁੰਚ ਕੇ 29 ਜੂਨ ਨੂੰ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਕੱਲਕੱਤੇ ਤੋਂ ਗ੍ਰਿਫਤਾਰ ਕੀਤਾ ਤੇ ਪ੍ਰਸ਼ਾਂਤ ਪਰਾਸਰ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ।
ਨਾਲ ਹੀ ਨਵਜੰਮੇ ਬੱਚੇ ਨੂੰ ਬਰਾਮਦ ਕਰਕੇ CWC ਕੱਲਕੱਤਾ ‘ਚ ਪੇਸ਼ ਕੀਤਾ ਗਿਆ ਅਤੇ ਦੋਸਣ ਰੁਪਿੰਦਰ ਕੌਰ, ਕਥਿਤ ਦੋਸੀ ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਕੱਲਕੱਤਾ ਵਿਖੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸਨ ਵਰੰਟ ‘ਤੇ ਥਾਣਾ ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲਿਆਂਦਾ ਗਿਆ। ਜਿਨ੍ਹਾਂ ਕੋਲੋਂ ਹੋਰ ਡੂੰਗਾਈ ਨਾਲ ਹੋਰ ਪੁੱਛਗਿੱਛ ਜਾਰੀ ਹੈ।