ਸ੍ਰੀਗੰਗਾਨਗਰ ਰੇਲਵੇ ਟਰੈਕ ਧਮਾਕਾ: ਪਾਕਿਸਤਾਨੀ ਕੁਨੈਕਸ਼ਨ ਦੇ ਸੰਕੇਤ, ਮਾਮਲੇ ਦੀ ਜਾਂਚ NIA ਹਵਾਲੇ ਕਰਨ ਦੀ ਤਿਆਰੀ
ਸ੍ਰੀਗੰਗਾਨਗਰ: ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਰੇਲਵੇ ਟਰੈਕ ਨੂੰ ਧਮਾਕੇ ਨਾਲ ਉਡਾਉਣ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਪਾਕਿਸਤਾਨ ਨਾਲ ਸਬੰਧ ਹੋਣ ਦੇ ਸੰਕੇਤ ਮਿਲੇ ਹਨ। ਮੁੱਢਲੀ ਜਾਂਚ ਦੌਰਾਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਲਈ RDX ਪਾਕਿਸਤਾਨ ਤੋਂ ਭੇਜਿਆ ਗਿਆ ਸੀ। ਮਾਮਲੇ ਵਿੱਚ ਦੋ ਹੋਰ ਬੰਬ ਬਰਾਮਦ ਹੋਣ ਅਤੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਵਿੱਚ RDX ਹੋਣ ਦੇ ਮੁੱਢਲੇ ਸਬੂਤ ਮਿਲਣ ਤੋਂ ਬਾਅਦ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਮਾਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਸਾਜ਼ਿਸ਼ ਪਿੱਛੇ ਸਰਹੱਦ ਪਾਰ ਬੈਠੇ ਹੈਂਡਲਰਾਂ ਦਾ ਹੱਥ ਹੋ ਸਕਦਾ ਹੈ।
ਮਹਿਲਾ ਨੂੰ ਪਿਆਰ ਦੇ ਜਾਲ ’ਚ ਫਸਾਉਣ ਦਾ ਸ਼ੱਕ
ਰਾਜਸਥਾਨ ATS ਨੇ ਇਸ ਮਾਮਲੇ ਵਿੱਚ ਮਹਾਕਦੀਪ ਕੌਰ ਨਾਮ ਦੀ ਮਹਿਲਾ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੁੱਢਲੀ ਜਾਂਚ ਦੇ ਇਨਪੁਟ ਮੁਤਾਬਕ, ਪਾਕਿਸਤਾਨ ਵਿੱਚ ਬੈਠੇ ਇੱਕ ਕਥਿਤ ISI ਏਜੰਟ ਨੇ ਪਹਿਲਾਂ ਮਹਾਕਦੀਪ ਕੌਰ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ। ਇਸ ਤੋਂ ਬਾਅਦ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਰੇਲਵੇ ਟਰੈਕ ’ਤੇ ਧਮਾਕਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਕਰਨ ਦਾ ਸ਼ੱਕ ਹੈ।
RDX ਭਾਰਤ ਕਿਵੇਂ ਪਹੁੰਚਿਆ, ਏਜੰਸੀਆਂ ਕਰ ਰਹੀਆਂ ਜਾਂਚ
ਜਾਂਚ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਸਫੋਟਕ ਸਰਹੱਦ ਪਾਰ ਤੋਂ ਭਾਰਤ ਕਿਵੇਂ ਪਹੁੰਚਿਆ ਅਤੇ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪਾਕਿਸਤਾਨ ਵਿੱਚ ਬੈਠੇ ਕਥਿਤ ਹੈਂਡਲਰਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਹੈ। ਜੇਕਰ ਜਾਂਚ NIA ਨੂੰ ਸੌਂਪੀ ਜਾਂਦੀ ਹੈ ਤਾਂ ਏਜੰਸੀ ਵੱਲੋਂ ਇਸ ਪੂਰੇ ਨੈੱਟਵਰਕ ਦੇ ਫੰਡਿੰਗ ਸਰੋਤਾਂ, ਵਿਸਫੋਟਕਾਂ ਦੀ ਸਪਲਾਈ ਅਤੇ ਸਰਹੱਦ ਪਾਰ ਤੋਂ ਮਿਲ ਰਹੀਆਂ ਹਦਾਇਤਾਂ ਦੀ ਜਾਂਚ ਕੀਤੀ ਜਾਵੇਗੀ।