Sri Guru Tegh Bahadur Sahib: 350 ਸਾਲਾ ਸ਼ਤਾਬਦੀ ਨੂੰ ਸਮਰਪਤ ਸ਼ਹੀਦੀ ਨਗਰ ਕੀਰਤਨ ਬੰਗਲੌਰ ਤੋਂ ਹੁਬਲੀ ਕਰਨਾਟਕਾ ਲਈ ਰਵਾਨਾ

Sri Guru Tegh Bahadur Sahib : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ (350th Shaheedi Shatabadi) ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਉਰਸੂਲ ਤੋਂ ਆਪਣੇ ਅਗਲੇ ਪੜਾਅ ਹੁਬਲੀ ਕਰਨਾਟਕਾ ਲਈ ਰਵਾਨਾ ਹੋਇਆ।
ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਜੁ਼ੁਲਮ ਵਿਰੁੱਧ ਖੜ੍ਹਨ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਈਏ। ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ ਅਤੇ ਹਾਜਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦਿੱਤੇ।
ਨਗਰ ਕੀਰਤਨ ਪ੍ਰਤੀ ਸੰਗਤਾਂ ਵਿੱਚ ਵੱਡਾ ਉਤਸ਼ਾਹ ਸੀ ਅਤੇ ਰਸਤੇ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਬਲਦੇਵ ਸਿੰਘ ਕਲਿਆਣ, ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਇੰਚਾਰਜ ਗੁਰਮੇਜ ਸਿੰਘ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਸੁਪਰਵਾਈਜ਼ਰ ਹਰਭਜਨ ਸਿੰਘ, ਹਰਵਿੰਦਰ ਸਿੰਘ ਵੇਰਕਾ, ਰਾਮ ਸਿੰਘ ਮੁੰਬਈ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਗੁਰਦੁਆਰਾ ਸਾਹਿਬ ਉਰਸੂਲ ਦੇ ਪ੍ਰਬੰਧਕ ਪ੍ਰਿਤਪਾਲ ਸਿੰਘ ਭਾਟੀਆ, ਜੋਗਿੰਦਰ ਸਿੰਘ ਮੀਤ ਪ੍ਰਧਾਨ, ਡਾ. ਹਰਮਿੰਦਰ ਸਿੰਘ, ਜਸਪਾਲ ਸਿੰਘ, ਹਰਮੀਤ ਸਿੰਘ, ਬਚਿੱਤਰ ਸਿੰਘ, ਬਲਵਿੰਦਰ ਸਿੰਘ, ਦੀਪਕ ਸਿੰਘ, ਜਸਪਾਲ ਸਿੰਘ ਮਹਿਤਾ, ਮਨਦੀਪ ਸਿੰਘ, ਨਵਜੋਤ ਸਿੰਘ, ਗੁਰਜੰਟ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਪ੍ਰਬੀਨ ਕੌਰ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।