ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ
- ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ
Stampede at a Durga Puja pandal in Kolkata: ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਸ਼ਨੀਵਾਰ ਸ਼ਾਮ ਚੋਰਬਾਗਾਨ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ 19 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਹਾਲਾਂਕਿ, ਕੋਲਕਾਤਾ ਮੈਡੀਕਲ ਕਾਲਜ ਦੇ ਸੂਤਰਾਂ ਨੇ 20 ਲੋਕਾਂ ਦੀ ਮੌਤ ਅਤੇ 45 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ।
ਕੋਲਕਾਤਾ ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਨੂੰ ਮੀਂਹ ਪੈਣ ਕਾਰਨ ਕਈ ਲੋਕਾਂ ਨੇ ਬਚਾਅ ਲਈ ਪੰਡਾਲ ਦੇ ਅੰਦਰ ਸ਼ਰਨ ਲੈ ਲਈ। ਇਸ ਦੌਰਾਨ ਸ਼ਾਮ ਕਰੀਬ 7:40 ਵਜੇ ਬਾਹਰ ਖੜ੍ਹੀ ਭੀੜ ਨੇ ਵੀ ਪੰਡਾਲ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਧੱਕਾ-ਮੁੱਕੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਭਗਦੜ ਮਚ ਗਈ।
ਪੰਡਾਲ ਦੀਆਂ ਲਾਈਟਾਂ ਬੰਦ, ਦਾਖ਼ਲਾ ਰੋਕਿਆ
ਹਾਦਸੇ ਤੋਂ ਬਾਅਦ ਪੰਡਾਲ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਲੋਕਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਗਈ। ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਹੋਰ ਦੁਰਗਾ ਪੂਜਾ ਪੰਡਾਲ ਵੀ ਬੰਦ ਕਰਵਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੋਲਕਾਤਾ ਵਿੱਚ ਦੁਰਗਾ ਪੂਜਾ ਲਈ ਲਗਭਗ 3,500 ਪੰਡਾਲ ਬਣਾਏ ਗਏ ਹਨ। ਹਾਦਸੇ ਨਾਲ ਸਬੰਧਤ ਜਾਣਕਾਰੀ ਲਈ ਪੱਛਮੀ ਬੰਗਾਲ ਸਰਕਾਰ ਨੇ ਹੈਲਪਲਾਈਨ ਨੰਬਰ 18003455678 ਜਾਰੀ ਕੀਤਾ ਹੈ।
