ਰੋਡਵੇਜ਼ ਮੁਲਾਜ਼ਮਾਂ ਦੀ ਸੂਬਾ ਪੱਧਰੀ ਹੜਤਾਲ ਸ਼ੁਰੂ
Latest News: ਦੋ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਥੀਆਂ ਦੀ ਰਿਹਾਈ ਅਤੇ ਮੁਅੱਤਲ/ਬਰਖਾਸਤ ਕਰਮਚਾਰੀਆਂ ਦੀ ਬਹਾਲੀ ਸਮੇਤ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਰੋਡਵੇਜ਼, ਪੀ ਆਰ ਟੀ ਸੀ ਅਤੇ ਪਨਬਸ ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੇ ਅੱਜ ਸੂਬਾ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਨ ਸਿੰਘ ਗਿੱਲ ਦੀ ਅਗਵਾਈ ਹੇਠ ਦੁਪਹਿਰ 12 ਵਜੇ ਤੋਂ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਉਹਨਾਂ ਨੂੰ ਡਿੱਪੂਆਂ ਵਿੱਚ ਖੜ੍ਹਾ ਕਰ ਦਿੱਤਾ ਗਿਆ।
ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਦੱਸਿਆ ਕਿ ਅੱਜ 12 ਵਜੇ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਡਿੱਪੂਆਂ ’ਚ ਖੜ੍ਹੀਆਂ ਕਰ ਦਿੱਤੀਆਂ। ਇਸ ਉਪਰੰਤ ਪੰਜਾਬ ਦੇ ਟਰਾਂਸਪੋਰਟ ਸਕੱਤਰ ਵੱਲੋਂ ਯੂਨੀਅਨ ਦੇ ਵਫ਼ਦ ਨਾਲ ਤਿੰਨ ਵਾਰ ਮੀਟਿੰਗ ਕੀਤੀ ਗਈ ਪਰ ਤਿੰਨੋ ਮੀਟਿੰਗਾਂ ਹੀ ਬੇਸਿੱਟਾ ਰਹੀਆਂ। ਇਸੇ ਕਰਕੇ ਯੂਨੀਅਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 12 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਵੀ ਉਥੇ ਹੀ ਉਲੀਕੀ ਜਾਵੇਗੀ।
ਹਰਕੇਸ਼ ਵਿੱਕੀ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਜਦੋਂ ਮੰਗਾਂ ਮੰਨਵਾਉਣ ਲਈ ਹਫ਼ਤਾ ਭਰ ਸੂਬਾਈ ਹੜਤਾਲ ਚੱਲੀ ਸੀ ਤਾਂ ਯੂਨੀਅਨ ਦੇ ਸੈਂਕੜੇ ਹੀ ਕਾਰਕੁਨਾਂ ਨੂੰ ਕੇਸ ਦਰਜ ਕਰਕੇ ਜੇਲ੍ਹਾਂ ’ਚ ਡੱਕ ਕੇ ਉਨ੍ਹਾਂ ਸਮੇਤ ਹੋਰ ਵਰਕਰਾਂ ਨੂੰ ਮੁਅੱਤਲ ਤੇ ਕਈਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਮਗਰੋਂ ਯੂਨੀਅਨ ਦੇ ਦਬਾਅ ਕਾਰਨ ਭਾਵੇਂ ਬਹੁਤਿਆਂ ਨੂੰ ਰਿਹਾਅ ਕਰ ਦਿੱਤਾ ਸੀ, ਪਰ ਇਰਾਦਾ ਕਤਲ ਦੇ ਕੇਸ ਅਧੀਨ 10 ਵਰਕਰ ਅਜੇ ਵੀ ਜੇਲ੍ਹ ’ਚ ਹਨ ਤੇ 10 ਹੋਰਨਾਂ ਨੂੰ ਹਾਲੇ ਤੱਕ ਵੀ ਬਹਾਲ ਨਹੀਂ ਕੀਤਾ ਗਿਆ।