ਰੇਹੜੀ ਵਾਲੇ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, 30 ਹਜ਼ਾਰ ਰੁਪਏ ਮਾਲਕ ਨੂੰ ਕੀਤੇ ਵਾਪਸ
Gurdaspur News: ਅੱਜ ਜਦੋਂ ਕਮਲਜੀਤ ਸਿੰਘ ਉਸ ਕੋਲ ਪਹੁੰਚਿਆ ਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਨ੍ਹਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ।
Honesty of Street Vendor: ਜਿੱਥੇ ਇੱਕ ਪਾਸੇ ਨਸ਼ੇ ਦੀ ਮਾਰ, ਬੇਰੁਜ਼ਗਾਰੀ ਕਰਕੇ ਲੋਕਾਂ ‘ਚ ਲੁੱਟ-ਖਸੁੱਟ, ਚੋਰੀ, ਬਈਮਾਨੀ ਅਤੇ ਡਕੈਤੀ ਵਰਗੀਆਂ ਵਾਰਦਾਤਾਂ ਕਾਫ਼ੀ ਬਹੁਤ ਵੱਧ ਗਈਆਂ ਹਨ। ਹਰ ਕੋਈ ਪੈਸਾ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ, ਬੇਸ਼ੱਕ ਉਸ ਦਾ ਪੈਸਾ ਕਮਾਉਣ ਦਾ ਤਰੀਕਾ ਸਹੀ ਹੋਵੇ ਜਾਂ ਗਲਤ। ਪਰ ਅਜਿਹੇ ਵਿੱਚ ਵੀ ਅਜੇ ਵੀ ਕਈ ਲੋਕਾਂ ‘ਚ ਇਮਾਨਦਾਰੀ ਬਾਕੀ ਹੈ।
ਇਸ ਦੀ ਇੱਕ ਮਿਸਾਲ ਸੋਨੂੰ ਨਾਮ ਦੇ ਵਿਅਕਤੀ ਨੇ ਪੇਸ਼ ਕੀਤੀ ਹੈ ਜੋ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਬਾਹਰ ਟਿੱਕੀ, ਬਰਗਰ ਦੀ ਰੇਹੜੀ ਲਗਾਉਂਦਾ ਹੈ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਸੋਨੂੰ ਦੀ ਰੇਹੜੀ ‘ਤੇ ਪਿੰਡ ਖੋਖਰ ਦਾ ਕੰਵਲਜੀਤ ਸਿੰਘ, ਜੋ ਦੁੱਧ ਦਾ ਵਪਾਰ ਕਰਦਾ ਹੈ, ਬਰਗਰ ਖਾ ਕੇ ਗਿਆ ਸੀ अਤੇ ਜਾਂਦੇ-ਜਾਂਦੇ ਉੱਥੇ 30 ਹਜ਼ਾਰ ਰੁਪਏ ਗਲਤੀ ਨਾਲ ਸੁੱਟ ਗਿਆ। ਕਾਫੀ ਲੱਭਣ ‘ਤੇ ਵੀ ਜਦੋਂ ਪੈਸੇ ਨਾ ਮਿਲੇ ਤਾਂ ਅੱਜ ਉਹ ਸ਼ਹਿਰ ਆਇਆ ਅਤੇ ਮੁੜ ਤੋਂ ਸੋਨੂ ਦੀ ਰੇਹੜੀ ‘ਤੇ ਗਿਆ ਅਤੇ ਪੈਸੇ ਬਾਰੇ ਪੁੱਛਿਆ ਤਾਂ ਸੋਨੂ ਨੇ ਤੁਰੰਤ ਪੈਸੇ ਕੱਢ ਕੇ ਉਸ ਨੂੰ ਫੜਾ ਦਿੱਤੇ।
ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਪੈਸੇ ਉਸ ਵੱਲੋਂ ਦੁੱਧ ਵੇਚ ਕੇ ਇਕੱਠੇ ਕੀਤੇ ਗਏ ਸੀ ਤੇ ਇਨ੍ਹਾਂ ਦੀ ਗੱਡੀ ਬਣਾ ਕੇ ਉਸਨੇ ਰਬੜ ਲਗਾ ਕੇ ਜੇਬ ਵਿੱਚ ਪਾਈ ਸੀ ਜੋ ਪਤਾ ਨਹੀਂ ਲੱਗਿਆ ਕਿ ਕਦੋਂ ਸੋਨੂੰ ਦੀ ਰੇਹੜੀ ‘ਤੇ ਡਿੱਗ ਗਏ। ਉਸ ਨੇ ਸੋਨੂੰ ਦੀ ਇਮਾਨਦਾਰੀ ਦੀ ਵੀ ਸ਼ਲਾਘਾ ਕੀਤੀ।

ਇਸ ਦੇ ਨਾਲ ਹੀ ਸੋਨੂੰ ਨੇ ਦੱਸਿਆ ਕਿ ਜਦੋਂ ਉਸਨੂੰ ਪੈਸੇ ਮਿਲੇ ਤਾਂ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਪੈਸੇ ਬਾਰੇ ਸੁਣ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਤੇ ਕੋਈ ਵੀ ਆਪਣੇ ਆਪ ਨੂੰ ਇਸ ਦਾ ਮਾਲਕ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ। ਉਸ ਨੇ ਇਹ ਪੈਸੇ ਵੱਖਰੀ ਹੀ ਰੱਖ ਦਿੱਤੇ ਅਤੇ ਸੋਚਿਆ ਕਿ ਜਿਸ ਦੇ ਪੈਸੇ ਹਨ ਉਹ ਜ਼ਰੂਰ ਉਸ ਕੋਲੋਂ ਬਰਗਰ ਖਾ ਕੇ ਗਿਆ ਹੋਵੇਗਾ ਤੇ ਇਸ ਦਾ ਅਸਲੀ ਮਾਲਕ ਇਸ ਨੂੰ ਲੱਭਦਾ ਹੋਇਆ ਇੱਥੇ ਆਏਗਾ।
ਅੱਜ ਜਦੋਂ ਕਮਲਜੀਤ ਸਿੰਘ ਉਸ ਕੋਲ ਪਹੁੰਚਿਆ ਤੇ ਪੈਸਿਆਂ ਬਾਰੇ ਪੁੱਛਿਆ ਤਾਂ ਉਹ ਸਮਝ ਗਿਆ ਕਿ ਪੈਸੇ ਇਨ੍ਹਾਂ ਦੇ ਹੀ ਹਨ ਅਤੇ ਤੁਰੰਤ ਵਾਪਸ ਕਰ ਦਿੱਤੇ ਹਨ। ਸੋਨੂ ਨੇ ਦੱਸਿਆ ਕਿ ਉਸਨੇ ਗਿਨੇ ਵੀ ਨਹੀਂ ਕਿ ਇਹ ਕਿੰਨੇ ਪੈਸੇ ਸੀ ਪਰ ਉਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ 30-40 ਹਜ਼ਾਰ ਦੇ ਕਰੀਬ ਹਨ।