Stubble Burning: ਪਾਰਲੀ ਸਾੜਨ ਵਾਲਿਆਂ ਦੀ ਖੈਰ ਨਹੀਂ! FIR ਦਰਜ, ਫਰਦਾਂ ‘ਤੇ ਰੈੱਡ ਐਂਟਰੀ

Stubble Burning: ਪੰਜਾਬ ਦੇ ਖੇਤਾਂ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 90 ਹੋ ਗਈ ਹੈ। ਐਤਵਾਰ ਨੂੰ ਅੱਠ ਨਵੇਂ ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਸਭ ਤੋਂ ਵੱਧ 51 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਸਰਕਾਰ ਨੇ ਵੀ ਪਾਰਲੀ ਸਾੜਨ ਵਾਲਿਆਂ ਖਿਲਾਫ ਸਖਤੀ ਵਿੱਢ ਦਿੱਤੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਤੋਂ ਬਾਅਦ, ਤਰਨ ਤਾਰਨ ਵਿੱਚ ਸਭ ਤੋਂ ਵੱਧ 11 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪਟਿਆਲਾ ਵਿੱਚ 10, ਬਰਨਾਲਾ ਵਿੱਚ ਦੋ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਤੇ ਜਲੰਧਰ ਵਿੱਚ ਇੱਕ-ਇੱਕ, ਕਪੂਰਥਲਾ ਵਿੱਚ ਤਿੰਨ, ਮਲੇਰਕੋਟਲਾ ਵਿੱਚ ਚਾਰ, ਹੁਸ਼ਿਆਰਪੁਰ ਵਿੱਚ ਦੋ, ਸੰਗਰੂਰ ਵਿੱਚ ਦੋ ਤੇ ਐਸਏਐਸ ਨਗਰ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਪ੍ਰਸਾਸ਼ਨ ਨੇ ਪਾਰਲੀ ਸਾੜਨ ਦੇ 47 ਮਾਮਲਿਆਂ ਵਿੱਚ 225,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਜੁਰਮਾਨੇ ਵਿੱਚੋਂ 175,000 ਰੁਪਏ ਦੀ ਵਸੂਲੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸੀਆਰਪੀਸੀ ਦੀ ਧਾਰਾ 223 ਤਹਿਤ 49 ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਪਰਾਲੀ ਸਾੜਨ ਲਈ 32 ਲਾਲ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ। ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀ ਦੇ ਨਾਲ ਕਿਸਾਨ ਆਪਣੀ ਜ਼ਮੀਨ ਨੂੰ ਵੇਚ ਤੇ ਗਿਰਵੀ ਨਹੀਂ ਰੱਖ ਸਕਦਾ ਤੇ ਨਾ ਹੀ ਕਰਜ਼ਾ ਲੈ ਸਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ 15 ਸਤੰਬਰ ਤੋਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਸੈਟੇਲਾਈਟ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਉਧਰ, ਸਰਕਾਰੀ ਸਖਤੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਕਾਰਨ ਪੰਜਾਬ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਵਧਿਆ ਹੈ। ਐਤਵਾਰ ਨੂੰ ਬਠਿੰਡਾ ਵਿੱਚ AQI 175 ਦਰਜ ਕੀਤਾ ਗਿਆ, ਜੋ ਯੈਲੋ ਜ਼ੋਨ ਵਿੱਚ ਆਉਂਦਾ ਹੈ। ਡਾਕਟਰਾਂ ਅਨੁਸਾਰ ਅਜਿਹੇ AQI ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਖਾਸ ਕਰਕੇ ਸਾਹ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਖਤਰੇ ਦੀ ਘੰਟੀ ਹੈ।