ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਬਜ਼ੁਰਗਾਂ ਦੀ ਪੈਨਸ਼ਨ ਕਰਾਂਗੇ 3100
Sukhbir Singh Badal: ਬਾਬਾ ਬਕਾਲਾ ਤੋਂ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਤੇ ਪਰਾਏ ਵਿੱਚ ਫਰਕ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਬ੍ਹ ਹਮੇਸ਼ਾ ਪੰਜਾਬ ਦੇ ਹਿੱਤਾਂ ਬਾਰੇ ਸੋਚਦੇ ਰਹੇ, ਜਦਕਿ ਦਿੱਲੀ ਦੀਆਂ ਪਾਰਟੀਆਂ ਇਹ ਨਹੀਂ ਸੋਚਦੀਆਂ ਅਤੇ ਉਹ ਸਿਰਫ਼ ਪੰਜਾਬ ‘ਚ ਰਾਜ ਕਰਨ ਲਈ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੀ ਹਾਲਤ ਕਾਫ਼ੀ ਬਦਲ ਚੁੱਕੀ ਹੈ। ਪੰਜਾਬ ਸਾਡਾ ਆਪਣਾ ਘਰ ਹੈ ਅਤੇ ਜੇ ਘਰ ਤਰੱਕੀ ਕਰੇਗਾ ਤਾਂ ਹੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਜੇ ਅਸੀਂ ਵਾਰ-ਵਾਰ ਗਲਤ ਫ਼ੈਸਲੇ ਕਰਾਂਗੇ ਤਾਂ ਨੁਕਸਾਨ ਆਪਣਾ ਹੀ ਹੋਣਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਨਾ ਕਿਸਾਨਾਂ ਲਈ ਅਤੇ ਨਾ ਹੀ ਗਰੀਬ ਵਰਗ ਲਈ ਕੋਈ ਢੰਗ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਬਾਦਲ ਸਾਬ੍ਹ 22 ਸਾਲ ਮੁੱਖ ਮੰਤਰੀ ਬਣੇ ਅਤੇ ਪੰਜਾਬ ਵਿੱਚ ਜੋ ਵੀ ਵਿਕਾਸ ਅੱਜ ਦਿਖਾਈ ਦਿੰਦਾ ਹੈ, ਉਹ ਉਨ੍ਹਾਂ ਹੀ ਸਮਿਆਂ ਦੌਰਾਨ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਬਾਬਾ ਬਕਾਲਾ ਤੋਂ ਲੈ ਕੇ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਓ, ਜਿੱਥੇ ਵੀ ਵਿਕਾਸ ਨਜ਼ਰ ਆਉਂਦਾ ਹੈ, ਉਹ ਬਾਦਲ ਸਰਕਾਰ ਦੇ ਸਮੇਂ ਦਾ ਹੀ ਹੋਇਆ ਹੈ।
ਪੰਜਾਬ ‘ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਫਿਰੋਤੀਆਂ, ਧਮਕੀਆਂ ਅਤੇ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਦਕਿ ਕਈ ਮੁਲਾਜ਼ਮ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੁਹਾਡੀ ਆਪਣੀ ਫੌਜ ਹੈ, ਜਿਸ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਪਾਰਟੀ ਨੂੰ ਪਛਾਣੋ, ਅਕਾਲੀ ਦਲ ਕੌਮ ਦੀ, ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪੀੜੀ ਨੂੰ ਅਕਾਲੀ ਦਲ ਦੇ ਪੰਜਾਬ ਲਈ ਯੋਗਦਾਨ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਜਦਕਿ ਜੋ ਵੀ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ, ਉਹ ਬਾਦਲ ਸਰਕਾਰ ਦੇ 22 ਸਾਲਾਂ ਦੌਰਾਨ ਹੀ ਹੋਇਆ।
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ 597 ਬੇਅਦਬੀ ਦੇ ਮਾਮਲੇ ਦਰਜ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤਾਂ ਗੁਰੂ ਘਰਾਂ ‘ਤੇ ਵੀ ਕਬਜ਼ਿਆਂ ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਅਜੇ ਵੀ ਸਮਾਂ ਹੈ ਸੂਬੇ ਨੂੰ ਬਚਾਉਣ ਲਈ ਇਕੱਠੇ ਹੋਣ ਦਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਸਹੀ ‘ਚ ਦੋਸ਼ੀ ਆਪਾਂ ਹੋਵਾਂਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੱਡੇ ਬਾਦਲ ਸਾਬ੍ਹ ਵੱਲੋਂ ਦਿੱਤੀਆਂ ਕਈ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਤਰਜ਼ ‘ਤੇ ਕੰਮ ਕਰੇਗਾ, ਜਿਵੇਂ ਉਨ੍ਹਾਂ ਨੇ ਪੰਜਾਬ ਨੂੰ ਚਲਾਇਆ ਸੀ।
ਵੱਡੇ ਐਲਾਨ
ਉਨ੍ਹਾਂ ਐਲਾਨ ਕੀਤਾ ਕਿ ਬਾਦਲ ਸਾਬ੍ਹ ਦੀ ਯਾਦ ਵਿੱਚ ਨੀਲੇ ਕਾਰਡ ਦੀ ਯੋਜਨਾ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਲਾਭਪਾਤਰੀਆਂ ਨੂੰ 30 ਕਿਲੋ ਆਟਾ ਅਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਲੜਕੀਆਂ ਲਈ ਸਕੂਲ ਜਾਣ ਵਾਸਤੇ ਸਾਈਕਲਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਸਕਿੱਲ ਕਾਲਜ ਖੋਲ੍ਹੇ ਜਾਣਗੇ, ਜਿੱਥੇ ਨੌਜਵਾਨ ਆਪਣੀ ਪਸੰਦ ਅਨੁਸਾਰ ਟ੍ਰੇਨਿੰਗ ਲੈ ਸਕਣਗੇ। ਟਰੱਕ ਰਿਪੇਅਰਿੰਗ ਵਰਗੇ ਕੰਮਾਂ ਦੀ ਟ੍ਰੇਨਿੰਗ ਦੇ ਨਾਲ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਸਾਲ 1 ਲੱਖ ਬੱਚਿਆਂ ਨੂੰ ਇੱਕ ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਦੇ ਬੱਚਿਆਂ ਪੰਜਾਬ ‘ਚ 75 ਫੀਸਦੀ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ-ਮੁਕਤ ਕਰਜ਼ਾ ਦਿੱਤਾ ਜਾਵੇਗਾ, ਜਿਸ ਨੂੰ ਪਹਿਲੇ 3 ਸਾਲ ਨਹੀਂ ਮੋੜਣਾ ਅਗਲੇ 7 ਸਾਲਾਂ ‘ਚ ਵਾਪਸ ਕਰ ਸਕਦੇ ਹੋ। ਇਸ ਦੌਰਾਨ ਉਨ੍ਹਾਂ ਕਿਸਾਨਾਂ ਬਾਰੇ ਬੋਲਦਿਆਂ ਕਿਹਾ ਜੇਕਰ ਕਿਸੇ ਨੇ ਡੇਅਰੀ ਫਾਰਮ ਖੋਲਣਾ ਹੈ ਤਾਂ 75 ਫੀਸਦੀ ਸਬਸੀਡੀ ਮਿਲੇਗੀ। ਉਨ੍ਹਾਂ ਕਿਹਾ ਜੇਕਰ ਆਪਣੇ ਬੱਚੇ ਸਟੈਂਡ ਹੋ ਜਾਣ ਤਾਂ ਬਾਹਰ ਜਾਣ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹਰ ਸਾਲ ਢਾਈ ਹਾਜ਼ਰ ਪਿੰਡਾਂ ਦੇ ਪੱਕੇ ਵਿਕਾਸ ਕਾਰਜ ਕਰਾਂਗੇ। ਉਨ੍ਹਾਂ ਕਿਹਾ ਸਰਕਾਰ ਬਣਦੇ ਹੀ ਮੁਫਤ ਸਰਕਾਰੀ ਖਾਤੇ ‘ਚ ਸਾਰੀਆਂ ਜ਼ਮੀਨਾਂ ਦੀ ਤਕਸੀਮ ਕੀਤੀ ਜਾਵੇਗੀ। ਪਿੰਡਾਂ ਦੇ ਘਰਾਂ ਦੀ ਰਜਿਸਟਰੀ ਬਣਾਈ ਜਾਵੇਗੀ ਅਤੇ ਕਿਸੇ ਵੀ ਗਰੀਬ ਦਾ ਘਰ ਕੱਚਾ ਨਹੀਂ ਹੋਵੇਗਾ।