Ferozepur; ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ ਵਧੀ ਹੋਈ ਪਾਣੀ ਦੀ ਆਫ਼ਤ ਕਾਰਨ ਹੁਸੈਨੀ ਵਾਲਾ ਹੈੱਡ ਵੱਲ ਪਾਣੀ ਛੱਡਣ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਸਤਲੁਜ ਦਰਿਆ ਨੇ ਉਫਾਨੀ ਰੂਪ ਧਾਰ ਲਿਆ ਹੈ। ਬਸਤੀ ਰਾਮ ਲਾਲ, ਮੁਠਿਆਂ ਵਾਲੀ ਅਤੇ ਸਹਿਣਾ ਵਾਲਾ ਵਰਗੇ ਪਿੰਡਾਂ ਦੇ ਖੇਤਾਂ ਵਿਚ ਦਰਿਆ ਦਾ ਪਾਣੀ ਵੜ ਗਿਆ ਹੈ, ਜਿਸ ਕਾਰਨ ਕਈ ਸੌ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ।
ਪਾਣੀ ਦੇ ਵਾਧੂ ਪ੍ਰਵਾਹ ਕਾਰਨ ਕਿਸਾਨਾਂ ਵੱਲੋਂ ਖ਼ੁਦ ਬਣਾਏ ਆਰਜੀ ਬੰਨ ਟੁੱਟ ਗਏ, ਜਿਸ ਨਾਲ 2000 ਏਕੜ ਤੋਂ ਵੱਧ ਖੇਤ ਪਾਣੀ ਹੇਠਾਂ ਆ ਗਏ। ਕਿਸਾਨ ਆਪਣੀ ਮਦਦ ਖ਼ੁਦ ਕਰਦੇ ਹੋਏ ਫਿਰ ਤੋਂ ਬੰਨ ਬਣਾਉਣ ਵਿੱਚ ਜੁਟੇ ਹੋਏ ਹਨ।
ਇੱਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ। ਬਲਕਿ, ਬਲ ਟੁੱਟਣ ਦੇ 18 ਘੰਟੇ ਬਾਅਦ ਵੀ ਕੋਈ ਪੁਖਤਾ ਇੰਤਜ਼ਾਮ ਨਹੀਂ ਹੋਏ, ਜਿਸ ਕਾਰਨ ਅਗਲੇ ਸਾਲ ਦੀਆਂ ਰਬੀ ਦੀਆਂ ਫਸਲਾਂ ਬੀਜਣੀ ਵੀ ਮੁਸ਼ਕਲ ਹੋ ਸਕਦੀ ਹੈ।
ਨਹਿਰੀ ਵਿਭਾਗ ਵਲੋਂ ਹਾਲਾਤ ‘ਤੇ ਨਜ਼ਰ, ਪਰ ਲੋਕਾਂ ਵਿੱਚ ਅਣਜਾਣ ਅਸ਼ੰਕਾ
ਨਹਿਰੀ ਵਿਭਾਗ ਦੇ ਐਕਸੀਅਨ ਨੇ ਦੱਸਿਆ ਕਿ, “ਸਤਲੁਜ ਵਿੱਚ ਇਸ ਸਮੇਂ ਲਗਭਗ 25,000 ਕਿਊਸਿਕ ਪਾਣੀ ਚੱਲ ਰਿਹਾ ਹੈ। ਹਰੀਕੇ ਹੈੱਡ ਤੋਂ ਵੀ ਪਾਣੀ ਛੱਡਿਆ ਗਿਆ ਹੈ ਪਰ ਸਥਿਤੀ ਕੰਟਰੋਲ ‘ਚ ਹੈ। ਜੇਕਰ ਕੋਈ ਵੱਡੀ ਜ਼ਰੂਰੀ ਸਥਿਤੀ ਬਣੀ ਤਾਂ ਲੋਕਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਰਜੀ ਬੰਨ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਠੀਕ ਕਰਨ ਦੇ ਯਤਨ ਹੋਣਗੇ।
ਬੀਐਸਐਫ ਦੀ ਫੈਂਸਿੰਗ ਵੀ ਸਤਲੁਜ ਦੇ ਪਾਣੀ ਹੇਠਾਂ, ਸਰਹੱਦੀ ਸੁਰੱਖਿਆ ਉੱਤੇ ਵੀ ਚੁਣੌਤੀ
ਸਤਲੁਜ ਦਰਿਆ ਦੇ ਉਫਾਨ ਕਾਰਨ ਬੀਐਸਐਫ ਵੱਲੋਂ ਲਾਈ ਗਈ ਸੁਰੱਖਿਆ ਫੈਂਸਿੰਗ ਵੀ ਕਈ ਥਾਵਾਂ ‘ਤੇ ਪਾਣੀ ਵਿੱਚ ਡੁੱਬ ਗਈ ਹੈ। ਜਿਸ ਕਰਕੇ ਬੀਐਸਐਫ ਨੂੰ ਸਰਹੱਦ ਦੀ ਰਾਖੀ ਕਰਨ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਹਨ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਰਾਹਤ ਕਾਰਜ ਸ਼ੁਰੂ ਕੀਤੇ ਜਾਣ, ਤਾਂ ਜੋ ਫਸਲਾਂ ਅਤੇ ਜੀਵਨ ਦਾ ਹੋਰ ਨੁਕਸਾਨ ਰੋਕਿਆ ਜਾ ਸਕੇ।