ਡਿਵੈਲਪਮੈਂਟ, ਸਿੱਖਿਆ ਤੇ ਸਕਿਲ ਬਿਲਡਿੰਗ ‘ਤੇ ਤਰਨਜੀਤ ਸਿੰਘ ਸੰਧੂ ਦਾ ਵੱਡਾ ਸੰਦੇਸ਼
Latest News: ਭਾਰਤ ਦੇ ਸਾਬਕਾ ਅੰਬੈਸਡਰ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਸਾਬਕਾ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਵੱਖ–ਵੱਖ ਇਲਾਕਿਆਂ ਵਿੱਚ ਲੋਕਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਸਥਾਨਕ ਸਮੱਸਿਆਵਾਂ, ਵਿਕਾਸ ਅਤੇ ਭਵਿੱਖੀ ਯੋਜਨਾਵਾਂ ‘ਤੇ ਵਿਚਾਰ–ਵਟਾਂਦਰਾ ਕੀਤਾ।
“ਲੋਕਾਂ ਦੀਆਂ ਲੋੜਾਂ ਨੂੰ ਸਮਝਣ ਆਇਆ ਹਾਂ” — ਸੰਧੂ
ਸੰਧੂ ਨੇ ਕਿਹਾ ਕਿ ਅੱਜ ਵੀ ਅੰਮ੍ਰਿਤਸਰ ਦੇ ਲੋਕਾਂ ਲਈ ਵਿਕਾਸ ਸਭ ਤੋਂ ਪਹਿਲੀ ਤਰਜ਼ੀਹ ਹੈ।ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਪੱਸ਼ਟ ਹੈ ਕਿ ਸ਼ਹਿਰ ਦੇ ਲੋਕ ਬਦਲਾਅ ਅਤੇ ਪ੍ਰਗਤੀ ਚਾਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕਈ ਸਾਲ ਪਹਿਲਾਂ ਸ਼ਹਿਰ ਲਈ ਆਈਟੀ ਸੈਕਟਰ ਇੱਕ ਮਹੱਤਵਪੂਰਨ ਸੰਭਾਵਨਾ ਸੀ, ਪਰ ਅੰਮ੍ਰਿਤਸਰ ਇਸ ਖੇਤਰ ਵਿੱਚ ਪਿੱਛੇ ਰਹਿ ਗਿਆ।
ਉਨ੍ਹਾਂ ਦਾ ਕਹਿਣਾ ਸੀ —“ਜਦੋਂ ਦੁਨੀਆ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਹੈ, ਅਸੀਂ ਅਜੇ ਵੀ ਆਈਟੀ ਲੈਵਲ ਤੱਕ ਨਹੀਂ ਪਹੁੰਚੇ।”
ਮਾਪਿਆਂ ਨੂੰ ਅਪੀਲ ਕਰਦਿਆਂ ਉਹ ਕਹਿੰਦੇ ਹਨ ਕਿ ਬੱਚਿਆਂ ਦੀ ਸਿੱਖਿਆ, ਹੁਨਰ ਅਤੇ ਸਕਿਲ ਬਿਲਡਿੰਗ ਵਿਚ ਵਾਧਾ ਕਰਨਾ ਹੀ ਭਵਿੱਖ ਲਈ ਸਭ ਤੋਂ ਮਜ਼ਬੂਤ ਰਸਤਾ ਹੈ।
ਬਿਹਾਰ ਨਤੀਜਿਆਂ ‘ਤੇ ਪ੍ਰਤੀਕ੍ਰਿਆ — “ਡਿਵੈਲਪਮੈਂਟ ਹਮੇਸ਼ਾਂ ਜਿੱਤਦਾ ਹੈ”
ਬਿਹਾਰ ਚੋਣ ਨਤੀਜਿਆਂ ਬਾਰੇ ਸੰਧੂ ਨੇ ਕਿਹਾ ਕਿ ਉੱਥੇ ਵੀ ਜਨਤਾ ਨੇ ਵਿਕਾਸ ਨੂੰ ਹੀ ਸਭ ਤੋਂ ਉਪਰ ਲਗਾਇਆ ਹੈ।ਉਨ੍ਹਾਂ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਐਜੰਡੇ ਅਤੇ ਰਾਜ ਸਰਕਾਰ ਦੀ ਕਾਰਗੁਜ਼ਾਰੀ ‘ਤੇ ਭਰੋਸਾ ਜਤਾਇਆ ਹੈ।
ਉਨ੍ਹਾਂ ਨੇ ਕਿਹਾ —
“ਅਕਰਾਸ ਦ ਬੋਰਡ ਮਿਲਿਆ ਸਮਰਥਨ ਇਕ ਤੱਗੜਾ ਸੁਨੇਹਾ ਹੈ ਕਿ ਲੋਕ ਵਿਕਾਸ ਨੂੰ ਹੀ ਚੁਣਦੇ ਹਨ।”
ਪੰਜਾਬ ‘ਚ ਸਫ਼ਾਈ, ਨਸ਼ੇ ਅਤੇ ਕਲੀਨ ਵਾਟਰ ਦੇ ਮੁੱਦੇ—ਸੰਧੂ ਸਿੱਧੇ ਟਾਕ ‘ਤੇ
ਪੰਜਾਬ ਦੇ ਮੁੱਦਿਆਂ ‘ਤੇ ਬੋਲਦਿਆਂ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਸਫਾਈ, ਨਸ਼ਾ–ਮੁਕਤੀ, ਕਾਨੂੰਨ–ਵਿਵਸਥਾ, ਸਾਫ਼ ਪਾਣੀ ਅਤੇ ਰੋਜ਼ਗਾਰ ਨੂੰ ਸਭ ਤੋਂ ਵੱਡੀਆਂ ਲੋੜਾਂ ਮੰਨ ਰਹੇ ਹਨ।
ਮਜੀਠਾ ਰੋਡ ਤੋਂ ਗੁਜ਼ਰਦਿਆਂ ਉਨ੍ਹਾਂ ਨੇ ਇੱਕ ਮਹਿਲਾ ਸਟਾਰਟਅਪ ਨੂੰ ਕੰਮ ਕਰਦੇ ਵੇਖਿਆ ਜਿਸ ਦੀ ਉਨ੍ਹਾਂ ਨੇ ਖਾਸ ਤਾਰੀਫ਼ ਕੀਤੀ।
ਪਰ ਉਨ੍ਹਾਂ ਨੇ ਰਸਤੇ ‘ਤੇ ਫੈਲੀ ਗੰਦਗੀ ਅਤੇ ਕੂੜੇ ‘ਤੇ ਨਾਰਾਜ਼ਗੀ ਵੀ ਜਤਾਈ ਅਤੇ ਕਿਹਾ ਕਿ ਲੋਕਾਂ ਅਤੇ ਪ੍ਰਸ਼ਾਸਨ ਦੋਵਾਂ ਨੂੰ ਜ਼ਿੰਮੇਵਾਰ ਬਣਨ ਦੀ ਲੋੜ ਹੈ।
ਦੌਰੇ ਦੀ ਸਿਆਸੀ ਗੂੰਜ
ਤਰਨਜੀਤ ਸਿੰਘ ਸੰਧੂ ਦਾ ਇਹ ਦੌਰਾ ਸਿਆਸੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
ਇਸਨੂੰ ਪੰਜਾਬ ਦੇ ਆਉਣ ਵਾਲੇ ਰਾਜਨੀਤਿਕ ਮਾਹੌਲ, ਵਿਕਾਸ ਐਜੰਡੇ ਅਤੇ ਭਾਜਪਾ ਦੀ ਭਵਿੱਖੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।