ਤਰਨ ਤਾਰਨ ਐਨਕਾਊਂਟਰ: ਸਰਪੰਚ ‘ਤੇ ਗੋਲੀਆਂ ਚਲਾਉਣ ਵਾਲੇ ਦੋ ਮੁੱਖ ਅਰੋਪੀ ਗ੍ਰਿਫ਼ਤਾਰ, ਜਖ਼ਮੀ ਹਾਲਤ ਹਸਪਤਾਲ ਦਾਖਲ
Sarpanch firing Tarn Taran; ਤਰਨ ਤਾਰਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ ਇੱਕ ਨਿੱਜੀ ਪੈਲਸ ਦੇ ਵਿੱਚ ਸਰਪੰਚ ਨੂੰ ਗੋਲੀਆਂ ਮਾਰਣ ਵਾਲੇ ਮੁੱਖ ਅਰੋਪੀ ਸ਼ਾਨ ਅਤੇ ਹਰਦੀਪ ਸਿੰਘ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਤਰਨ ਤਾਰਨ ਦੇ ਨਜ਼ਦੀਕ ਨਿਸ਼ੇਰਾ–ਪੰਨੂਆਂ ਸੁਬੇ ਦੇ ਕਿਨਾਰੇ ਨਾਕਾਬੰਦੀ ਕੀਤੀ ਗਈ ਹੋਈ ਸੀ। ਇਸ ਦੌਰਾਨ ਜਦੋਂ ਇੱਕ ਸ਼ੱਕੀ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰ ਦੋਵੇਂ ਅਰੋਪੀਆਂ ਨੇ ਪੁਲਿਸ ‘ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਦੋਵੇਂ ਅਰੋਪੀ—ਹਰਦੀਪ ਸਿੰਘ ਅਤੇ ਸ਼ਾਨ—ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅਰੋਪੀ ਪਿੰਡ ਚੋਲਾ ਦੇ ਨਿਵਾਸੀ ਹਨ। ਜ਼ਖ਼ਮੀ ਹਾਲਤ ਵਿੱਚ ਦੋਵੇਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਤਰਨ ਤਾਰਨ ਭੇਜਿਆ ਗਿਆ ਹੈ।
ਇਸ ਮੌਕੇ ਮੌਕੇ ‘ਤੇ ਪਹੁੰਚੇ ਸੁਰਿੰਦਰ ਲਾਲਵਾ (ਐਸਐਸਪੀ ਤਰਨ ਤਾਰਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਅਰੋਪੀ ਸਰਪੰਚ ‘ਤੇ ਹੋਏ ਹਮਲੇ ਵਿੱਚ ਸ਼ਾਮਲ ਸਨ ਅਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।