ਪੰਜਾਬ ‘ਚ ਤਾਪਮਾਨ ਦਾ ਡਿੱਗਿਆ ਪਾਰਾ, ਆਉਣ ਵਾਲੇ ਦਿਨਾਂ ‘ਚ ਸੰਘਣੀ ਧੁੰਦ ਦਾ ਅਲਰਟ
20 ਨਵੰਬਰ ਤੱਕ ਕਈ ਥਾਵਾਂ ‘ਤੇ ਸਵੇਰੇ ਤੇ ਰਾਤ ਨੂੰ ਪੈ ਸਕਦੀ ਹੈ ਸੰਘਣੀ ਧੁੰਦ, ਬਠਿੰਡਾ ‘ਚ ਸਭ ਤੋਂ ਘੱਟ 10 ਡਿਗਰੀ ਤਾਪਮਾਨ ਦਰਜ
Punjab Weather; ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਅਗਲੇ ਚਾਰ ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 20 ਨਵੰਬਰ ਤੱਕ ਸੂਬੇ ਦੇ ਕੁਝ ਇਲਾਕਿਆਂ ਵਿੱਚ ਰਾਤ ਅਤੇ ਸਵੇਰ ਸਮੇਂ ਸੰਘਣੀ ਧੁੰਦ ਛਾਏ ਰਹਿਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਦੇ ਘੱਟੋ-ਘੱਟ ਤਾਪਮਾਨ ਵਿੱਚ 3.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ, ਤਾਪਮਾਨ ਅਜੇ ਵੀ ਆਮ ਦੇ ਨੇੜੇ ਬਣਿਆ ਹੋਇਆ ਹੈ। ਬਠਿੰਡਾ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 3 ਤੋਂ 4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 2 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਆ ਸਕਦੀ ਹੈ।
ਇਨ੍ਹਾਂ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ 17 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਅੰਮ੍ਰਿਤਸਰ ਵਿੱਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈ ਸਕਦੀ ਹੈ। ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਪੱਛਮੀ ਗੜਬੜੀ ਦਾ ਪ੍ਰਭਾਵ ਹੁਣ ਘੱਟ ਹੋ ਗਿਆ ਹੈ। ਇਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਅਤੇ ਅਸਮਾਨ ਜ਼ਿਆਦਾਤਰ ਸਾਫ਼ ਰਹਿ ਸਕਦਾ ਹੈ। ਅਗਲੇ ਕੁਝ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਠੰਢ ਵਧਣ ਦੀ ਸੰਭਾਵਨਾ ਹੈ।
ਦਿਨ ਦੇ ਤਾਪਮਾਨ ‘ਚ ਵੀ ਆ ਸਕਦੀ ਹੈ ਹਲਕੀ ਗਿਰਾਵਟ
ਬੰਗਾਲ ਦੀ ਖਾੜੀ ਵਿੱਚ ਬਣਿਆ ਚੱਕਰਵਾਤੀ ਤੂਫ਼ਾਨ ਜਿਵੇਂ-ਜਿਵੇਂ ਤੱਟ ਦੇ ਨੇੜੇ ਪਹੁੰਚੇਗਾ, ਉੱਤਰੀ ਭਾਰਤ ਵਿੱਚ ਹਵਾਵਾਂ ਦੀ ਦਿਸ਼ਾ ਬਦਲ ਸਕਦੀ ਹੈ। ਦਿੱਲੀ, ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੂਰਬੀ ਹਵਾਵਾਂ ਚੱਲਣ ਕਾਰਨ ਉੱਤਰ-ਪੱਛਮੀ ਠੰਢੀਆਂ ਹਵਾਵਾਂ ਦਾ ਪ੍ਰਭਾਵ ਘੱਟ ਹੋ ਸਕਦਾ ਹੈ।
ਨਮੀ ਵਧਣ ਨਾਲ ਰਾਤ ਦੀ ਠੰਢ ਹੋ ਸਕਦੀ ਹੈ ਘੱਟ
ਪੂਰਬੀ ਹਵਾਵਾਂ ਕਾਰਨ ਵਾਤਾਵਰਣ ਵਿੱਚ ਨਮੀ ਵਧਣ ਦੀ ਸੰਭਾਵਨਾ ਹੈ। ਇਸ ਨਾਲ ਦਿਨ ਦੇ ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ, ਜਦਕਿ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਇਸ ਕਾਰਨ ਰਾਤ ਸਮੇਂ ਠੰਢ ਦਾ ਅਸਰ ਕੁਝ ਘੱਟ ਰਹਿਣ ਦੀ ਸੰਭਾਵਨਾ ਹੈ।