ਪਾਕਿਸਤਾਨ ’ਚ ਅੱਤਵਾਦੀਆਂ ਦਾ ਪੁਲਿਸ ਵੈਨ ’ਤੇ ਹਮਲਾ, DSP ਤੇ ਸਬ-ਇੰਸਪੈਕਟਰ ਸਮੇਤ 10 ਪੁਲਿਸ ਮੁਲਾਜ਼ਮਾਂ ਦੀ ਮੌਤ
ਨਵੀਂ ਦਿੱਲੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਬੁੱਧਵਾਰ ਨੂੰ ਅੱਤਵਾਦੀਆਂ ਨੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਉਂਦਿਆਂ ਘਾਤ ਲਗਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐੱਸਪੀ ਅਤੇ ਇੱਕ ਸਬ-ਇੰਸਪੈਕਟਰ ਸਮੇਤ ਘੱਟੋ-ਘੱਟ 10 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਟੀਮ ਨਾਜਾਇਜ਼ ਸੋਨੇ ਦੀ ਖੁਦਾਈ ਖ਼ਿਲਾਫ਼ ਕਾਰਵਾਈ ਕਰਨ ਜਾ ਰਹੀ ਸੀ। ਪੁਲਿਸ ਬੁਲਾਰੇ ਮੁਹੰਮਦ ਨੌਮਾਨ ਜ਼ੇਬ ਮੁਤਾਬਕ, ਪੁਲਿਸ ਦੀ ਟੀਮ ਕੋਹਾਟ ਜ਼ਿਲ੍ਹੇ ਦੇ ਗੁੰਬਤ ਇਲਾਕੇ ਵਿੱਚ ਮੁਹਿੰਮ ਲਈ ਰਵਾਨਾ ਹੋਈ ਸੀ। ਇਸ ਦੌਰਾਨ ਕੋਹਾਟ ਅਤੇ ਕਰਕ ਜ਼ਿਲ੍ਹਿਆਂ ਵਿਚਕਾਰ ਦਰਬੋਕਾਚ ਜਲੰਧਰ ਬੰਦਾ ਇਲਾਕੇ ਵਿੱਚ ਪਹਾੜੀਆਂ ’ਤੇ ਲੁਕੇ ਹਮਲਾਵਰਾਂ ਨੇ ਪੁਲਿਸ ਵਾਹਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਹਮਲੇ ਵਿੱਚ ਡੀਐੱਸਪੀ ਗੁੰਬਤ ਹੈਦਰ ਜ਼ਮਾਨ ਅਤੇ ਸਬ-ਇੰਸਪੈਕਟਰ ਮੁਖਤਿਆਰ ਸਮੇਤ ਕਈ ਪੁਲਿਸ ਮੁਲਾਜ਼ਮਾਂ ਦੀ ਜਾਨ ਚਲੀ ਗਈ। ਗੋਲੀਬਾਰੀ ਦੌਰਾਨ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਹਮਲਾਵਰਾਂ ਨੇ ਪੁਲਿਸ ਦੀਆਂ ਪੰਜ ਮੋਬਾਈਲ ਗੱਡੀਆਂ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਵਾਧੂ ਪੁਲਿਸ ਬਲ ਮੌਕੇ ’ਤੇ ਭੇਜਿਆ ਗਿਆ ਅਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਖੈਬਰ ਪਖਤੂਨਖਵਾ ਦੇ ਗਵਰਨਰ ਫੈਸਲ ਕਰੀਮ ਕੁੰਡੀ ਨੇ ਹਮਲੇ ਦੀ ਨਿੰਦਾ ਕਰਦਿਆਂ ਮਾਰੇ ਗਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।