ਗੁਰਦਾਸਪੁਰ ਦੇ ਘਰੋਂ 10 ਤੋਂ 15 ਵਿਅਕਤੀਆਂ ਵੱਲੋਂ ਬੱਚਾ ਅਗਵਾ ਕਰਨ ਦੀ ਵੀਡੀਓ ਦਾ ਸੱਚ ਆਇਆ ਸਾਹਮਣੇ, ਪਤਨੀ ਦੇ ਇਲਜ਼ਾਮਾਂ ‘ਤੇ ਬੋਲਿਆ ਪਤੀ…
Children Kidnapping Viral Video: ਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਦਿਲਪ੍ਰੀਤ ਕੌਰ ਨੇ ਇਸੇ ਤਰ੍ਹਾਂ ਹੀ ਉਸਦੇ ਬੱਚੇ ਉਸ ਤੋਂ ਖੋਹਣੇ ਚਾਹੇ ਤਾਂ ਉਹ ਆਪਣੇ ਬੱਚਿਆਂ ਸਮੇਤ ਜ਼ਹਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਵੇਗਾ।
Gurdaspur Children Kidnapping Case: ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਇੱਕ ਘਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ 10 ਤੋਂ 15 ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਹਨ, ਉਹ ਘਰ ਦੀ ਕੰਧ ਟੱਪ ਕੇ ਪਹਿਲਾਂ ਤਾਂ ਘਰ ਵਿੱਚ ਦਾਖਲ ਹੁੰਦੇ ਹਨ ਅਤੇ ਬਾਅਦ ਵਿੱਚ ਉਥੋਂ ਦੋ ਬੱਚੇ ਅਗਵਾ ਕਰਕੇ ਲੈ ਜਾਂਦੇ ਹਨ। ਜਿਸ ਤੋਂ ਬਾਅਦ ਘਰ ਦੀ ਮਾਲਕ ਲੜਕੀ ਦਿਲਪ੍ਰੀਤ ਕੌਰ ਕੈਮਰੇ ਦੇ ਸਾਹਮਣੇ ਆਉਂਦੀ ਹੈ।
ਇਸ ਸਾਰੇ ਮਾਮਲੇ ‘ਚ ਦਿਲਪ੍ਰੀਤ ਕੌਰ ਵੱਲੋਂ ਆਪਣੇ ਪਤੀ ਮਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਫਤਿਹਪੁਰ ਨਵਾਂ ਪਿੰਡ ਜ਼ਿਲ੍ਹਾ ਤਰਨ ਤਾਰਨ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਹਨ। ਦਿਲਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਪਤੀ ਵੱਲੋਂ ਉਸਦੇ ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ। ਜਿਸ ਦੀ ਸੱਚਾਈ ਨੂੰ ਬਿਆਨ ਕਰਦੇ ਹੋਏ ਅੱਜ ਦਿਲਪ੍ਰੀਤ ਕੌਰ ਦੇ ਮਨਦੀਪ ਸਿੰਘ ਨੇ ਪ੍ਰੈਸ ਕਾਨਫਰਸ ਕੀਤੀ ਅਤੇ ਮਾਮਲੇ ‘ਚ ਹੋਰ ਕਈ ਖੁਲਾਸੇ ਕੀਤੇ।
ਦਿਲਪ੍ਰੀਤ ਕੌਰ ਦੇ ਪਤੀ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਇਸ ਮਾਮਲੇ ਬਾਰੇ ਗੱਲ ਕਰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਪੂਰੀ ਰੀਤੀ ਰਿਵਾਜਾਂ ਨਾਲ ਦਿਲਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਹੋਣ ਤੋਂ ਕੁਝ ਹੀ ਦਿਨ ਬਾਅਦ ਦਿਲਪ੍ਰੀਤ ਕੌਰ ਕਹਿਣ ਲੱਗੀ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ 20 ਤੋਂ 22 ਲੱਖ ਰੁਪਏ ਲਾ ਕੇ ਦਿਲਪ੍ਰੀਤ ਕੌਰ ਨੂੰ ਆਸਟ੍ਰੇਲੀਆ ਭੇਜਿਆ ਅਤੇ ਇਸ ਦੌਰਾਨ ਉਸਦਾ ਛੇ ਮਹੀਨੇ ਦਾ ਬੱਚਾ ਉਹ ਮੇਰੇ ਕੋਲ ਹੀ ਛੱਡ ਗਈ ਅਤੇ ਕੁਝ ਮਹੀਨੇ ਬਾਅਦ ਦਿਲਪ੍ਰੀਤ ਕੌਰ ਕਹਿਣ ਲੱਗੀ ਕਿ ਮੈਂ ਆਸਟ੍ਰੇਲੀਆ ਨਹੀਂ ਰਹਿਣਾ ਕਿਉਂਕਿ ਇੱਥੇ ਮੈਂ ਪੱਕੀ ਨਹੀਂ ਹੋ ਸਕਦੀ। ਜਿਸ ਤੋਂ ਬਾਅਦ ਦਿਲਪ੍ਰੀਤ ਕੌਰ ਫਿਰ ਘਰ ਵਾਪਸ ਆ ਗਈ ਅਤੇ ਕਹਿਣ ਲੱਗੀ ਕਿ ਉਹ ਕੈਨੇਡਾ ਜਾਣਾ ਚਾਹੁੰਦੀ ਹੈ।
ਦਿਲਪ੍ਰੀਤ ਦੀ ਮੰਗ ‘ਤੇ ਉਸ ਨੇ ਫਿਰ ਤੋਂ ਪੈਸਾ ਲਗਾ ਕੇ ਦਿਲਪ੍ਰੀਤ ਕੌਰ ਦੀ ਕੈਨੇਡਾ ਦੀ ਫਾਈਲ ਭਰੀ ਪਰ ਉਸ ਦੀ ਫਾਇਲ ‘ਤੇ ਰਿਫਿਊਜਲ ਆ ਗਿਆ। ਜਿਸ ਕਾਰਨ ਉਹ ਕੈਨੇਡਾ ਨਹੀਂ ਜਾ ਸਕੀ। ਜਿਸ ਤੋਂ ਬਾਅਦ ਦਿਲਪ੍ਰੀਤ ਅਕਸਰ ਹੀ ਲੜਾਈ ਝਗੜਾ ਕਰਨ ਲੱਗ ਪਈ ਅਤੇ ਇਸੇ ਦੌਰਾਨ ਦੂਸਰਾ ਲੜਕਾ ਹੋਇਆ। ਕਾਫੀ ਸਮਾਂ ਬੀਤ ਜਾਣ ਮਗਰੋਂ ਦਿਲਪ੍ਰੀਤ ਕੌਰ ਲੜਕੇ ਆਪਣੇ ਪੇਕੇ ਚਲੀ ਗਈ ਅਤੇ ਬਾਅਦ ਵਿੱਚ ਕੋਰਟ ਵਿੱਚ ਕੇਸ ਕਰ ਦਿੱਤਾ ਜਿਸ ਤੋਂ ਬਾਅਦ ਕੇਸ ਵਿੱਚ ਜੱਜ ਸਾਹਿਬ ਨੇ ਵੀ ਫੈਸਲਾ ਦਿੱਤਾ ਕਿ ਦਿਲਪ੍ਰੀਤ ਕੌਰ ਆਪਣੇ ਸਹੁਰੇ ਪਰਿਵਾਰ ਜਾ ਸਕਦੀ ਹੈ ਪਰ ਫਿਰ ਵੀ ਦਿਲਪ੍ਰੀਤ ਕੌਰ ਨਹੀਂ ਆਈ।
ਦਿਲਪ੍ਰੀਤ ਅਤੇ ਉਸ ਦੇ ਭਰਾ ‘ਤੇ ਹਮਲਾ ਕਰਨ ਦੇ ਇਲਜ਼ਾਮ
ਮਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਦਿਲਪ੍ਰੀਤ ਕੌਰ ਜਦੋਂ ਵੀ ਉਸ ਨੂੰ ਫੋਨ ਕਰਦੀ ਸੀ ਤਾਂ ਉਹ ਆਪਣੇ ਦੋਵੇਂ ਬੱਚੇ ਉਸ ਨੂੰ ਮਿਲਾ ਲਿਆਉਂਦਾ ਸੀ ਕਿਉਂਕਿ ਦੋਵੇਂ ਬੱਚੇ ਉਸ ਦੇ ਕੋਲ ਹੀ ਰਹਿੰਦੇ ਸੀ। ਹੁਣ ਕੁਝ ਦੇਰ ਬਾਅਦ ਦਿਲਪ੍ਰੀਤ ਕੌਰ ਨੇ ਉਸ ਨੂੰ ਕਿਹਾ ਕਿ ਬੱਚੇ ਮਿਲਾ ਕੇ ਜਾ ਤਾਂ ਉਹ ਆਪਣੇ ਦੋਵੇਂ ਬੱਚੇ ਪਿੰਡ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਬਿੱਲਾ ਨੂੰ ਨਾਲ ਲੈ ਕੇ ਉੱਥੇ ਛੱਡ ਆਇਆ ਪਰ ਜਦੋਂ ਉਹ ਦੁਬਾਰਾ ਬੱਚੇ ਲੈਣ ਗਿਆ ਤਾਂ ਦਿਲਪ੍ਰੀਤ ਕੌਰ ਅਤੇ ਉਸਦੇ ਭਰਾ ਨੇ ਉਸ ‘ਤੇ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ।
ਮਨਪ੍ਰੀਤ ਸਿੰਘ ਵਲੋਂ ਆਤਮ ਹੱਤਿਆ ਕਰਨ ਦੀ ਧਮਕੀ
ਮਨਦੀਪ ਨੇ ਕਿਹਾ ਕਿ ਉਹ ਆਪਣੇ ਸਿਰਫ ਬੱਚਿਆਂ ਨੂੰ ਲੈਣ ਗਿਆ ਸੀ, ਕਿਸੇ ਨੂੰ ਅਗਵਾ ਕਰਨ ਨਹੀਂ। ਦਿਲਪ੍ਰੀਤ ਕੌਰ ਅਤੇ ਉਸਦਾ ਪਰਿਵਾਰ ਉਸ ‘ਤੇ ਗਲਤ ਇਲਜ਼ਾਮ ਲੱਗਾ ਕੇ ਉਸ ‘ਤੇ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦਾ ਹੈ ਕਿਉਂਕਿ ਦਿਲਪ੍ਰੀਤ ਕੌਰ ਦੀ ਮਾਂ ਪੁਲਿਸ ਵਿੱਚ ਹੈ। ਜਿਸ ਕਰਕੇ ਉਹ ਦਬਾਅ ਪਾਉਣਾ ਚਾਹੁੰਦੀ ਹੈ। ਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਦਿਲਪ੍ਰੀਤ ਕੌਰ ਨੇ ਇਸੇ ਤਰ੍ਹਾਂ ਹੀ ਉਸਦੇ ਬੱਚੇ ਉਸ ਤੋਂ ਖੋਹਣੇ ਚਾਹੇ ਤਾਂ ਉਹ ਆਪਣੇ ਬੱਚਿਆਂ ਸਮੇਤ ਜ਼ਹਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਵੇਗਾ। ਜਿਸ ਦੀ ਜਿੰਮੇਵਾਰੀ ਦਿਲਪ੍ਰੀਤ ਕੌਰ ਅਤੇ ਉਸਦਾ ਪਰਿਵਾਰ ਹੋਵੇਗਾ।
ਉਥੇ ਹੀ ਪਿੰਡ ਦੇ ਸਰਪੰਚ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਹੋਵੇ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਕਿ ਵੀਡੀਓ ਵੱਲ ਵੇਖ ਕੇ ਨਜਾਇਜ਼ ਕਿਸੇ ‘ਤੇ ਕਾਰਵਾਈ ਕੀਤੀ ਜਾਵੇ।