ਨਾਭਾ ਵਿੱਚ 7 ਲੱਖ ਦੀ ਚੋਰੀ ਬੇਨਕਾਬ, 3 ਨੌਜਵਾਨ ਚੋਰੀਸ਼ੁਦਾ ਸਮਾਨ ਸਮੇਤ ਗ੍ਰਿਫਤਾਰ
Nabha showroom theft; ਨਾਭਾ ਵਿੱਚ ਬੀਤੇ ਦਿਨ ਹੋਈ ਸ਼ੋਰੂਮ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਨਾਭਾ-ਪਟਿਆਲਾ ਰੋਡ ‘ਤੇ ਸਥਿਤ ਵਰਧਮਾਨ ਮਾਰਬਲ ਦੇ ਸ਼ੋਰੂਮ ਵਿੱਚ ਵਾਪਰੀ ਸੀ। ਚੋਰਾਂ ਨੇ ਕਰੀਬ 7 ਲੱਖ ਰੁਪਏ ਦੀਆਂ ਟੂਟੀਆਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ, ਜਿਸ ਨਾਲ ਪੁਲਿਸ ਨੂੰ ਜਾਂਚ ਵਿੱਚ ਮਹੱਤਵਪੂਰਨ ਸੁਰਾਗ ਮਿਲੇ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਵਾਰਦਾਤ ਨੂੰ ਛੇ ਨੌਜਵਾਨਾਂ ਨੇ ਮਿਲ ਕੇ ਅੰਜਾਮ ਦਿੱਤਾ ਸੀ। ਚੋਰੀ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਾਭਾ ਸਦਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਤਿੰਨ ਨੌਜਵਾਨਾਂ ਨੂੰ ਚੋਰੀਸ਼ੁਦਾ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਗੋਰੀ ਸ਼ੰਕਰ, ਜੱਗੀ ਅਤੇ ਲਾਡੀ ਵਜੋਂ ਹੋਈ ਹੈ। ਇਹ ਤਿੰਨੇ ਰਾਜਪੁਰਾ ਅਤੇ ਖਰੜ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਉਮਰ ਲਗਭਗ 26 ਸਾਲ ਦੱਸੀ ਗਈ ਹੈ।
ਪੁਲਿਸ ਨੇ ਗ੍ਰਿਫਤਾਰ ਦੋਸ਼ੀਆਂ ਕੋਲੋਂ ਲਗਭਗ 250 ਟੂਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ, ਇਹਨਾਂ ਨੌਜਵਾਨਾਂ ਖ਼ਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ ਅਤੇ ਇਹ ਆਸਾਨ ਤਰੀਕੇ ਨਾਲ ਪੈਸਾ ਕਮਾਉਣ ਲਈ ਅਜਿਹੀਆਂ ਵਾਰਦਾਤਾਂ ਕਰਦੇ ਸਨ।
ਇਸ ਸਬੰਧੀ ਨਾਭਾ ਸਦਰ ਦੇ ਐਸਐਚਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜਾਂਚ ਜਾਰੀ ਹੈ। ਬਾਕੀ ਤਿੰਨ ਸਾਥੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰਨ ਦੀ ਉਮੀਦ ਹੈ।