Punjab News; ਸੁਲਤਾਨਪੁਰ ਲੋਧੀ 13 ਜੂਨ ਨੂੰ ਦੁਪਹਿਰ 3:30 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋਂ ਲਾਪਤਾ ਹੋਏ ਬੱਚੇ ਬਾਰੇ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਅਤੇ ਪਰਿਵਾਰਕ ਮੈਂਬਰ ਬੇਸੁੱਧ ਹਨ।
ਬੱਚੇ ਦੀ ਮਾਂ ਸੁਨੀਲਾ ਪਤਨੀ ਸੁਰਿੰਦਰ ਨੇ ਦੱਸਿਆ ਕਿ ਉਸਦਾ ਪੰਜ ਸਾਲਾ ਬੱਚਾ ਬਿਲਰਾਜ, ਜੋ ਸ਼ੁੱਕਰਵਾਰ, 13 ਜੂਨ, 2025 ਨੂੰ ਦੁਪਹਿਰ 3:30 ਵਜੇ ਦੇ ਕਰੀਬ ਆਪਣੀ ਭੈਣ ਨੂੰ ਖਾਣਾ ਦੇਣ ਲਈ ਦੁਕਾਨ ‘ਤੇ ਆਇਆ ਸੀ, ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਉਸਨੇ ਕਿਹਾ ਕਿ ਛੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਾਡੇ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਉਸਨੇ ਕਿਹਾ ਕਿ ਇਸ ਸਬੰਧ ਵਿੱਚ, ਅਸੀਂ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਸਨੇ ਐਸਐਸਪੀ ਕਪੂਰਥਲਾ ਅਤੇ ਡੀਐਸਪੀ ਸੁਲਤਾਨਪੁਰ ਲੋਧੀ ਤੋਂ ਮੰਗ ਕੀਤੀ ਹੈ ਕਿ ਉਹ ਉਸਦੇ ਬੱਚੇ ਨੂੰ ਲੱਭਣ ਵਿੱਚ ਮਦਦ ਕਰੇ। ਇਸ ਮੌਕੇ ਨਿਸ਼ਾ, ਨਰਿੰਦਰ, ਰਾਜੀਵ, ਸੋਨੀ, ਸਰੋਜ, ਸੁਮਨ ਆਦਿ ਮੌਜੂਦ ਸਨ।
ਪੁਲਿਸ ਵੱਲੋਂ ਸ਼ਾਨਬੀਨ ਕੀਤੀ ਜਾ ਰਹੀ ਹੈ ਤੇ ਬੱਚੇ ਦੀ ਇੱਕ ਸੀਸੀ ਟੀਵੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਵਿਅਕਤੀ ਬੱਚੇ ਨੂੰ ਅਗਵਾਹ ਕਰਕੇ ਜ਼ਿਲਾ ਫਿਰੋਜ਼ਪੁਰ( ਮੱਖੂ ) ਇਲਾਕੇ ਚ ਦਾਣਾ ਮੰਡੀ ਦੇ ਵਿੱਚ ਲਜਾਂਦਾ ਦਿਖਾਈ ਦੇ ਰਿਹਾ ਹੈ ।
ਕੀ ਕਹਿੰਦੇ ਹਨ ਐਸ.ਐਚ.ਓ.
ਜਦੋਂ ਇਸ ਸਬੰਧ ਵਿੱਚ ਸੁਲਤਾਨਪੁਰ ਲੋਧੀ ਥਾਣੇ ਦੀ ਐਸ.ਐਚ.ਓ. ਇੰਸਪੈਕਟਰ ਸੋਨਮਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਬੱਚੇ ਦੀ ਭਾਲ ਕਰ ਰਹੀਆਂ ਹਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਵੀ ਆਪਣੀ ਟੀਮ ਨਾਲ ਬੱਚੇ ਦੀ ਭਾਲ ਵਿੱਚ ਲੱਗੀ ਹੋਈ ਹਾਂ, ਜਲਦੀ ਹੀ ਅਸੀਂ ਬੱਚੇ ਨੂੰ ਬਰਾਮਦ ਕਰ ਲਵਾਂਗੇ ਅਤੇ ਉਸਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦੇਵਾਂਗੇ।